Ludhiana Corona patients govt: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫਤਹਿ’ ਤਹਿਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰੰਤਰ ਯਤਨਾਂ ਸਦਕਾ ਕੋਵਿਡ ਕੇਅਰ ਸੈਂਟਰਾਂ ‘ਚ ਲੈਵਲ 2 ਦੇ 320 ਹੋਰ ਆਕਸੀਜ਼ਨ ਸਹਾਇਤਾ ਵਾਲੇ ਬਿਸਤਰਿਆਂ ਦਾ ਵਾਧਾ ਕੀਤਾ ਗਿਆ ਹੈ। ਹੁਣ ਜ਼ਿਲ੍ਹਾ ਲੁਧਿਆਣਾ ‘ਚ ਹੁਣ ਆਕਸੀਜ਼ਨ ਸਹਾਇਤਾ ਵਾਲੇ ਬਿਸਤਰਿਆਂ ਦੀ ਗਿਣਤੀ 740 ਹੋ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ਵਧੇ ਹੋਏ ਬਿਸਤਰਿਆਂ ਦੀ ਸਹੂਲਤ ਦੀ ਅੱਜ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਕੈਪਟਨ ਸੰਦੀਪ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਣੀਅਮ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਨੋਡਲ ਅਫ਼ਸਰ ਕੋਵਿਡ-19 ਸ੍ਰੀ ਸੰਦੀਪ ਕੁਮਾਰ, ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਐਸ.ਡੀ.ਐਮ. ਸ੍ਰੀ ਅਮਰਿੰਦਰ ਸਿੰਘ ਮੱਲੀ ਅਤੇ ਸਿਵਲ ਸਰਜਨ ਡਾ. ਰਾਜੇਸ ਕੁਮਾਰ ਬੱਗਾ ਨੇ ਸਥਾਨਕ ਮੈਰੀਟੋਰੀਅਸ ਸਕੂਲ ਅਤੇ ਪੀ.ਏ.ਯੂ. ਕੋਵਿਡ ਕੇਅਰ ਸੈਂਟਰਾਂ ਦਾ ਦੌਰਾ ਕਰਨ ਦੌਰਾਨ ਕੀਤੀ।
ਇਸ ਮੌਕੇ ਕੈਪਟਨ ਸੰਧੂ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਦੁਆਰਾ ਇਸ ਕੋਵਿਡ-19 ਦੀ ਔਖੀ ਘੜੀ ‘ਚ ਕੋਵਿਡ ਕੇਅਰ ਸੈਂਟਰ ‘ਚ 320 ਹੋਰ ਆਕਸੀਜ਼ਨ ਦੀ ਸਹਾਇਤਾ ਵਾਲੇ ਬਿਸਤਰੇ ਜੋੜਨ ਅਤੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਰੋਜ਼ਾਨਾ 4 ਹਜ਼ਾਰ ਤੋਂ ਵਧੇਰੇ ਕੋਵਿਡ ਟੈਸਟ ਕੀਤੇ ਜਾ ਰਹੇ ਹਨ, ਜਿਸ ‘ਚ ਕਰੀਬ 70 ਪ੍ਰਤੀਸ਼ਤ ਟੈਸਟ ਸ਼ਹਿਰੀ ਇਲਾਕਿਆਂ ‘ਚ ਕੀਤੇ ਜਾ ਰਹੇ ਹਨ, ਜੋ ਜ਼ਿਲ੍ਹਾ ਲੁਧਿਆਣਾ ਲਈ ਮਾਣ ਵਾਲੀ ਗੱਲ ਹੈ। ਗੱਲਬਾਤ ਕਰਦਿੰਆਂ ਕੈਪਟਨ ਸੰਧੂ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਸਥਿਤ ਆਈਸੋਲੇਸ਼ਨ ਸੈਂਟਰ ਦੀ ਸਮਰੱਥਾ ‘ਚ 200, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੋਸਟਲ ਨੰਬਰ 2 ‘ਚ 50, ਕੁਲਾਰ ਨਰਸਿੰਗ ਕਾਲਜ ‘ਚ 50 ਅਤੇ ਕਮਿਊਨਿਟੀ ਹੈਲਥ ਸੈਂਟਰ ਜਵੱਦੀ ‘ਚ 20 ਹੋਰ ਆਕਸੀਜ਼ਨ ਦੀ ਸਹਾਇਤਾ ਵਾਲੇ ਬਿਸਤਰਿਆਂ ਦਾ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਹੁਣ ਜ਼ਿਲ੍ਹਾ ਲੁਧਿਆਣਾ ‘ਚ ਆਕਸੀਜ਼ਨ ਸਹਾਇਤਾ ਵਾਲੇ ਬਿਸਤਰਿਆਂ ਦੀ ਗਿਣਤੀ 740 ਹੋ ਗਈ ਹੈ।
ਕੈਪਟਨ ਸੰਧੂ ਵਲੋਂ ਪੀ.ਏ.ਯੂ. ਸਥਿਤ ਕੋਵਿਡ ਕੇਅਰ ਸੈਂਟਰ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਦਾਖਲ ਕੋਵਿਡ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਤੇ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਕਿਹਾ ਅਸੀ ਚਰਮ ਸੀਮਾ ਦੌਰ ‘ਚੋਂ ਗੁਜ਼ਰ ਰਹੇ ਹਾਂ, ਹੁਣ ਸਾਡੇ ਲਈ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ 15 ਦਿਨ ਲਈ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸ਼ਖਤੀ ਨਾਲ ਪਾਲਣਾ ਕਰਨ ਤਾਂ ਜੋ ਇਸ ਕੋਰੋਨਾ ਮਹਾਮਾਰੀ ਦਾ ਡਟ ਕੇ ਮੁਕਾਬਲਾ ਕਰ ਸਕੀਏ ਤੇ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਮੁਹਿੰਮ ‘ਮਿਸ਼ਨ ਫਤਿਹ’ ਨੂੰ ਕਾਮਯਾਬ ਬਣਾਈਏ।ਕੈਪਟਨ ਸੰਧੂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਹੋਰ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪਣੇ ਹਸਪਤਾਲਾਂ ‘ਚ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਤਾਂ ਜੋ ਉਹ ਇਸ ਔਖੀ ਘੜੀ ਸਮੇਂ ਸਮਾਜ ਪ੍ਰਤੀ ਸੱਚੀ ਸੇਵਾ ਨਿਭਾ ਸਕਣ।