ludhiana corona positive cases: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲ੍ਹੇ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਕੋਰੋਨਾਵਾਇਰਸ ਨਾਲ 17 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 393 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਚੋਂ 360 ਜ਼ਿਲੇ ਦੇ ਰਹਿਣ ਵਾਲੇ ਹਨ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਸੀ।ਇਸ ਦੇ ਨਾਲ ਕੋਰੋਨਾ ਨਾਲ ਦਮ ਤੋੜਨ ਵਾਲੇ 17 ਲੋਕਾਂ ‘ਚੋਂ 15 ਜ਼ਿਲੇ ਦੇ ਅਤੇ 2 ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਦੱਸ ਦੇਈਏ ਕਿ ਕੋਰੋਨਾਵਾਇਰਸ ਦੇ ਕਹਿਰ ਕਾਰਣ ਸਿਹਤ ਅਤੇ ਪੁਲਸ ਮੁਲਾਜ਼ਮ ਵੀ ਪੀੜਤ ਹੋ ਰਹੇ ਹਨ।ਜੇਕਰ ਗੱਲ ਕਰੀਏ ਸ਼ਨੀਵਾਰ ਨੂੰ ਮਿਲੇ ਪੀੜਤ ਮਾਮਲਿਆਂ ਦੀ ਉਨ੍ਹਾਂ ‘ਚ 18 ਹੈਲਥ ਕੇਅਰ ਵਰਕਰ, 3 ਪੁਲਸ ਮੁਲਾਜ਼ਮ, 2 ਗਰਭਵਤੀ ਔਰਤਾਂ ਅਤੇ 7 ਅੰਡਰ ਟ੍ਰਾਇਲ ਪਾਜ਼ੇਟਿਵ ਆਏ ਹਨ।
ਦੱਸਣਯੋਗ ਹੈ ਕਿ ਹੁਣ ਤਕ ਜ਼ਿਲੇ ‘ਚ 8508 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦਕਿ ਇਨ੍ਹਾਂ ‘ਚੋਂ 304 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਾਹਰੀ ਜ਼ਿਲਿਆਂ ਅਤੇ ਸੂਬਿਆਂ ਆਦਿ ਤੋਂ ਸਥਾਨਕ ਹਸਪਤਾਲਾਂ ‘ਚ ਇਲਾਜ ਲਈ ਭਰਤੀ ਹੋਣ ਵਾਲੇ ਮਰੀਜ਼ਾਂ ‘ਚੋਂ 859 ਪਾਜ਼ੇਟਿਵ ਆ ਚੁੱਕ ਹਨ, ਜਦਕਿ ਇਨ੍ਹਾਂ ‘ਚੋਂ 69 ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਮੁਤਾਬਕ ਹੁਣ ਤਕ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ‘ਚ 2834 ਵਿਅਕਤੀਆਂ ਦੀ ਰਿਪੋਰਟ ਪੈਂਡਿੰਗ ਹੈ ਅਤੇ 88,608 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਆ ਚੁੱਕੇ ਹਨ।ਮੌਜੂਦਾ ਸਮੇਂ 5332 ਵਿਅਕਤੀ ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਹਨ। ਹੁਣ ਤਕ ਸਿਹਤ ਵਿਭਾਗ ਵੱਲੋਂ 30,612 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ‘ਚ ਭੇਜਿਆ ਜਾ ਚੁੱਕਾ ਹੈ। ਜ਼ਿਲੇ ‘ਚ 2258 ਐਕਟਿਵ ਮਰੀਜ਼ ਦੱਸੇ ਜਾਂਦੇ ਹਨ, ਜਦਕਿ 6044 ਮਰੀਜ਼ ਠੀਕ ਹੋ ਚੁੱਕੇ ਹਨ।
ਪੰਜਾਬ ‘ਚ ਕੋਰੋਨਾ ਕਾਰਨ ਹੁਣ ਤੱਕ ਸਥਿਤੀ- ਜੇਕਰ ਗੱਲ ਕਰੀਏ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਭਰ ਦੀ ਤਾਂ ਅਗਲੇ ਕੁੱਝ ਦਿਨ ਤਕ ਹਾਲਾਤ ਹੋਰ ਖਰਾਬ ਹੋ ਸਕਦੇ ਹਨ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਲੋਕ ਵਾਇਰਸ ਤੋਂ ਪੀੜਤ ਹੋ ਚੁਕੇ ਹੋਣਗੇ ਪਰ ਅਜੇ ਉਨ੍ਹਾਂ ‘ਚ ਲੱਛਣ ਪੈਦਾ ਨਹੀਂ ਹੋਏ ਹੋਣਗੇ, ਜੋ ਆਗਾਮੀ ਹਫਤੇ ਅਤੇ 10 ਦਿਨਾਂ ‘ਚ ਸਾਹਮਣੇ ਆਉਣਗੇ। ਸੂਬੇ ‘ਚ ਵੱਖ-ਵੱਖ ਜ਼ਿਲ੍ਹਿਆਂ ‘ਚ 336 ਲੋਕ ਆਕਸੀਜਨ ਸਪੋਰਟ ‘ਤੇ ਹਨ ਜਦਕਿ 49 ਨੂੰ ਵੈਂਟੀਲੇਟਰ ਲਗਾਇਆ ਗਿਆ ਹੈ, ਜਿਸ ‘ਚ ਅੱਜ 15 ਨਵੇਂ ਮਰੀਜ਼ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਹਾਲਾਤ ਗੰਭੀਰ ਹੋਣ ‘ਤੇ ਵੈਂਟੀਲੇਟਰ ਲਗਾਉਣਾ ਪਿਆ। ਹੁਣ ਤਕ ਸੂਬੇ ‘ਚ 40643 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁਕੇ ਹਨ ਤੇ 1036 ਦੀ ਮੌਤ ਹੋ ਚੁਕੀ ਹੈ।