ludhiana corona positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਜ਼ਿਲ੍ਹੇ ਭਰ ‘ਚ ਅਗਸਤ ਮਹੀਨੇ ਦੌਰਾਨ ਹਰ ਰੋਜ਼ 400 ਤੱਕ ਪੀੜਤ ਮਾਮਲਿਆਂ ਦੀ ਪੁਸ਼ਟੀ ਹੁੰਦੀ ਰਹੀ ਹੈ। ਇਸ ਦੌਰਾਨ ਅਗਸਤ ਮਹੀਨੇ ਦੇ ਅਖੀਰਲੇ ਦਿਨ ਭਾਵ ਸੋਮਵਾਰ ਨੂੰ ਵੀ 23 ਲੋਕਾਂ ਨੇ ਦਮ ਤੋੜਿਆ ਜਦਕਿ 208 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਮ੍ਰਿਤਕ 23 ਲੋਕਾਂ ‘ਚੋਂ 18 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਤੋਂ ਹਨ।
ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਸੋਮਵਾਰ ਨੂੰ ਪਾਜ਼ੀਟਿਵ ਮਿਲੇ 208 ਮਾਮਲਿਆਂ ‘ਚੋਂ 183 ਲੁਧਿਆਣਾ ਦੇ ਅਤੇ 25 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਹੁਣ ਤੱਕ ਮਹਾਨਗਰ ‘ਚ 10,222 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 413 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਤੋਂ ਆ ਕੇ ਇੱਥੇ ਇਲਾਜ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ 1077 ਤੱਕ ਪਹੁੰਚ ਗਈ ਹੈ, ਜਿਨ੍ਹਾਂ ‘ਚੋਂ 97 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਜ਼ਿਲ੍ਹਾ ਸਿਹਤ ਵਿਭਾਗ ਮੁਤਾਬਕ ਮੌਜੂਦਾ ਸਮੇਂ ਦੌਰਾਨ 8088 ਮਰੀਜ਼ ਡਿਸਚਾਰਜ ਹੋ ਚੁੱਕੇ ਹਨ ਜਦਕਿ 1729 ਐਕਟਿਵ ਮਾਮਲੇ ਹਨ। ਇਸ ਤੋਂ ਇਲਾਵਾ ਮੌਜੂਦਾ ਸਮੇਂ ਦੌਰਾਨ 5985 ਲੋਕ ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਹਨ। ਹੁਣ ਤੱਕ ਜ਼ਿਲ੍ਹੇ ਭਰ ‘ਚੋਂ 1,23,260 ਸੈਂਪਲ ਲਏ ਜਾ ਚੁੱਕੇ ਹਨ।