ludhiana corona positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਇਸ ਸਮੇਂ ਕੋਰੋਨਾ ਦਾ ਪੀਕ ਦੌਰ ਚੱਲ ਰਿਹਾ ਹੈ ਪਰ ਸਤੰਬਰ ਮਹੀਨੇ ਦੇ 15ਵੇਂ ਦਿਨ ਦੌਰਾਨ ਕੋਰੋਨਾ ਨੇ ਉਦੋਂ ਰਿਕਾਰਡ ਤੋੜ ਦਿੱਤੇ, ਜਦੋਂ ਇੱਕੋ ਦਿਨ ‘ਚ 505 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਤੇ 27 ਲੋਕਾਂ ਨੇ ਦਮ ਤੋੜਿਆ। ਇਨ੍ਹਾਂ ਮ੍ਰਿਤਕਾਂ ‘ਚੋਂ 19 ਲੁਧਿਆਣਾ ਦੇ ਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ। ਦੱਸ ਦੇਈਏ ਕਿ ਮ੍ਰਿਤਕਾਂ ‘ਚ ਇਕ 15 ਸਾਲਾ ਦਾ ਬੱਚਾ ਵੀ ਸ਼ਾਮਿਲ ਹੈ। ਜ਼ਿਲ੍ਹੇ ਭਰ ‘ਚੋਂ ਇਕ ਦਿਨ ‘ਚ ਹੋਈਆਂ ਇੰਨੀਆ ਮੌਤਾਂ ਨੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ। ਹੁਣ ਵੀ ਵੱਖ-ਵੱਖ ਹਸਪਤਾਲਾਂ ‘ਚ 49 ਮਰੀਜ਼ ਵੈਟੀਲੇਟਰ ‘ਤੇ ਹਨ।
ਦੱਸਣਯੋਗ ਹੈ ਕਿ ਸੂਬੇ ਭਰ ‘ਚ ਕੋਰੋਨਾ ਪੀੜਤਾਂ ਦੀਆਂ ਮੌਤਾਂ ਦੇ ਮਾਮਲੇ ‘ਚ 24.18 ਫੀਸਦੀ ਹਿੱਸਾ ਸਿਰਫ ਲੁਧਿਆਣਾ ਨਾਲ ਸਬੰਧਿਤ ਹਨ ਜਦਕਿ ਲੁਧਿਆਣਾ ਜ਼ਿਲ੍ਹੇ ‘ਚ ਮੌਤ ਦਰ 4.3 ਫੀਸਦੀ ਤੱਕ ਪਹੁੰਚ ਚੁੱਕੀ ਹੈ। ਇਕੱਲੇ ਸਤੰਬਰ ਮਹੀਨੇ ਦੇ 15 ਦਿਨ੍ਹਾਂ ਦੌਰਾਨ 4400 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਨੇ ਤੇ 196 ਮਰੀਜ਼ਾਂ ਨੇ ਦਮ ਤੋੜਿਆ ਹਨ। ਜ਼ਿਲ਼੍ਹੇ ਭਰ ‘ਚ ਹੁਣ ਤੱਕ 14622 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 607 ਲੋਕਾਂ ਦੀ ਮੌਤ ਹੋ ਗਈ ਹਨ। ਜ਼ਿਲ੍ਹੇ ਭਰ ‘ਚ ਹੁਣ ਤੱਕ 2022 ਸਰਗਰਮ ਮਾਮਲੇ ਹਨ। ਰਾਹਤ ਭਰੀ ਖਬਰ ਵੀ ਇਹ ਸਾਹਮਣੇ ਆਈ ਏ ਕਿ ਜ਼ਿਲ੍ਹੇ ਭਰ ‘ਚ ਅੱਜ ਤੱਕ 81.9 ਫੀਸਦੀ ਭਾਵ 11990 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਤੱਕ ਮਹਾਨਗਰ ‘ਚੋਂ 2,02,413 ਸੈਂਪਲ ਲਏ ਜਾ ਚੁੱਕੇ ਹਨ।
ਅੰਕੜਿਆਂ ਮੁਤਾਬਕ ਮਹਾਨਗਰ ‘ਚ ਜਗਰਾਓ ਤੋਂ 484 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਤੇ 17 ਲੋਕਾਂ ਦੀ ਮੌਤ ਹੋਈ, ਰਾਏਕੋਟ ਤੋਂ 200 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਤੇ 6 ਲੋਕਾਂ ਦੀ ਮੌਤ ਹੋਈ, ਖੰਨਾ ਤੋਂ 412 ਮਾਮਲਿਆਂ ਦੀ ਪੁਸ਼ਟੀ ਹੋਈ 26 ਲੋਕਾਂ ਦੀ ਮੌਤ ਹੋਈ, ਸਮਰਾਲਾ ਤੋਂ 189 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 11 ਲੋਕਾਂ ਦੀ ਮੌਤ ਹੋਈ, ਪਾਇਲ ਤੋਂ 235 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਤੇ 11 ਮੌਤਾਂ ਹੋਈਆਂ ਅਤੇ ਲੁਧਿਆਣਾ ਸ਼ਹਿਰ ਤੋਂ 13102 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 536 ਮੌਤਾਂ ਹੋ ਚੁੱਕੀਆਂ ਹਨ।