ludhiana corona positive cases: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਨਵੰਬਰ ਮਹੀਨੇ ਦੌਰਾਨ ਕੋਰੋਨਾ ਪੀੜਤਾਂ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਹੀ ਜਾ ਰਹੇ ਹਨ। ਨਵੇਂ ਮਾਮਲਿਆਂ ਦੀ ਗਿਣਤੀ ਹਰ ਰੋਜ਼ ਵੱਧਣ ਕਾਰਨ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਭਾਵ ਸ਼ਨੀਵਾਰ ਨੂੰ ਵੀ 100 ਤੋਂ ਜਿਆਦਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 74 ਮਰੀਜ਼ ਲੁਧਿਆਣਾ ਦੇ ਹਨ ਜਦਕਿ ਬਾਕੀ ਹੋਰ ਜ਼ਿਲ਼੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਸ਼ਨੀਵਾਰ ਨੂੰ 4 ਪੀੜਤ ਮਰੀਜ਼ਾਂ ਨੇ ਦਮ ਤੋੜਿਆ ਹੈ, ਜਿਨ੍ਹਾਂ ‘ਚੋਂ 3 ਲੁਧਿਆਣਾ ਨਾਲ ਸਬੰਧਿਤ ਹਨ ਜਦਕਿ 1 ਹੋਰ ਜ਼ਿਲ੍ਹੇ ਨਾਲ ਸੰਬਧਿਤ ਹੈ।
ਦੱਸਣਯੋਗ ਹੈ ਕਿ ਜ਼ਿਲ੍ਹੇ ਭਰ ‘ਚ ਹੁਣ ਤੱਕ 20731 ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ‘ਚੋਂ 19334 ਲੋਕਾਂ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਹੋ ਚੁੱਕੇ ਹਨ ਜਦਕਿ ਹੁਣ ਤੱਕ 847 ਮਰੀਜ਼ ਦਮ ਤੋੜ ਚੁੱਕੇ ਹਨ। ਜ਼ਿਲ਼੍ਹੇ ਭਰ ‘ਚ ਹੁਣ ਤੱਕ 547 ਸਰਗਰਮ ਮਾਮਲੇ ਹਨ , ਜਿਨ੍ਹਾਂ ‘ਚੋਂ 399 ਮਰੀਜ਼ ਹੋਮ ਆਈਸੋਲੇਸ਼ਨ ‘ਚ ਹਨ। ਮਹਾਨਗਰ ‘ਚੋਂ ਹੁਣ ਤੱਕ 4,02,153 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ‘ਚੋਂ 400524 ਦੀ ਰਿਪੋਰਟ ਹਾਸਲ ਹੋ ਚੁੱਕੀ ਹੈ ਜਦਕਿ 3,76,921 ਦੀ ਰਿਪੋਰਟ ਹਾਲੇ ਵੀ ਨੈਗੇਟਿਵ ਮਿਲੀ ਹੈ।