Ludhiana corona victims recovered: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ਼੍ਹੇ ‘ਚ ਜਿੱਥੇ ਅਕਤੂਬਰ ਮਹੀਨੇ ਦੌਰਾਨ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ‘ਚ ਗਿਰਾਵਟ ਆਈ ਹੈ, ਉੱਥੇ ਹੀ ਇਕ ਹੋਰ ਰਾਹਤ ਭਰੀ ਖਬਰ ਵੀ ਸਾਹਮਣੇ ਆਏ ਹੈ ਕਿ ਪੀੜਤਾਂ ਦੇ ਮੁਕਾਬਲੇ ਕੋਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਅਕਤੂਬਰ ਮਹੀਨੇ ਦੇ 11 ਦਿਨਾਂ ਦੌਰਾਨ ਜਿੱਥੇ ਜ਼ਿਲ੍ਹੇ ਭਰ ‘ਚੋਂ 1216 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ, ਉੱਥੇ ਹੀ 1722 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਸ ਦਾ ਮਤਲਬ ਪੀੜਤਾਂ ਦੇ ਮੁਕਾਬਲੇ 1.5 ਗੁਣਾ ਜਿਆਦਾ ਮਰੀਜ਼ ਠੀਕ ਹੋਏ ਹਨ ਅਤੇ ਇਸ ਮਹੀਨੇ ਦੇ 11 ਦਿਨਾਂ ਦੌਰਾਨ ਸਿਰਫ 57 ਪੀੜਤ ਮਰੀਜ਼ਾਂ ਨੇ ਦਮ ਤੋੜਿਆ, ਜੋ ਅਗਸਤ-ਸਤੰਬਰ ਮਹੀਨੇ ਦੇ ਮੁਕਾਬਲੇ ਗਿਣਤੀ ਕਾਫੀ ਘੱਟ ਹੋਈ ਹੈ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਜਿੱਥੇ ਹੁਣ ਤੱਕ 19174 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚੋਂ 93.27 ਫੀਸਦੀ ਭਾਵ 17885 ਲੋਕ ਠੀਕ ਵੀ ਹੋ ਚੁੱਕੇ ਹਨ ਤੇ 799 ਲੋਕ ਦਮ ਤੋੜ ਚੁੱਕੇ ਹਨ। ਜ਼ਿਲ੍ਹੇ ‘ਚ ਹੁਣ ਸਿਰਫ 2.59 ਫੀਸਦੀ ਭਾਵ 487 ਸਰਗਰਮ ਮਾਮਲੇ ਹਨ। ਇਸ ਦੇ ਨਾਲ ਹੀ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਆਉਣ ਵਾਲੇ ਪੀੜਤਾਂ ਦੀ ਗਿਣਤੀ 2475 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ‘ਚੋਂ 96 ਸਰਗਰਮ ਮਾਮਲੇ ਹਨ ਅਤੇ 289 ਮਰੀਜ਼ ਦਮ ਤੋੜ ਚੁੱਕੇ ਹਨ। ਜ਼ਿਲ੍ਹੇ ਭਰ ‘ਚੋਂ 12 ਮਰੀਜ਼ ਵੈਂਟੀਲੇਟਰ ‘ਤੇ ਹਨ, ਜਿਨ੍ਹਾਂ ‘ਚੋਂ 7 ਲੁਧਿਆਣਾ ਦੇ ਹਨ।
ਅੰਕੜਿਆਂ ਮੁਤਾਬਕ ਜਗਰਾਓ ਤੋਂ 664 ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 20 ਮਰੀਜ਼ਾਂ ਨੇ ਦਮ ਤੋੜਿਆ। ਇਸ ਦੇ ਨਾਲ ਹੀ ਰਾਏਕੋਟ ‘ਚ 391 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਤੇ 12 ਲੋਕਾਂ ਦੀ ਮੌਤ ਹੋਈ। ਖੰਨਾ ‘ਚ 585 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਤੇ 30 ਲੋਕਾਂ ਦੀ ਮੌਤ ਹੋਈ। ਸਮਰਾਲਾ ‘ਚ 292 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਤੇ 20 ਲੋਕਾਂ ਦੀ ਮੌਤ ਹੋਈ, ਪਾਇਲ ‘ਚ 303 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਤੇ 16 ਮਰੀਜ਼ਾਂ ਨੇ ਦਮ ਤੋੜਿਆ ਅਤੇ ਲੁਧਿਆਣਾ ਸ਼ਹਿਰ ਦੇ 16939 ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਜਦਕ 701 ਮਰੀਜ਼ਾਂ ਨੇ ਦਮ ਤੋੜਿਆ।