ludhiana coronavirus child dies: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਖਤਰਨਾਕ ਕੋਰੋਨਾਵਾਇਰਸ ਨੇ ਫਿਰ ਇਕ ਵਾਰ ਉਸ ਸਮੇਂ ਘਾਤਕ ਰੂਪ ਦਿਖਾ ਦਿੱਤਾ, ਜਦੋਂ ਇੱਥੇ 4 ਮਹੀਨੇ ਦੇ ਬੱਚੇ ਦੀ ਕੋਰੋਨਾ ਨਾਲ ਦਮ ਤੋੜਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 5 ਸਤੰਬਰ ਨੂੰ ਜ਼ਿਲ੍ਹੇ ‘ਚ 9 ਮਹੀਨੇ ਦੇ ਬੱਚੇ ਦੀ ਮੌਤ ਹੋਈ ਸੀ। ਖੁਲਾਸਾ ਹੋਇਆ ਹੈ ਕਿ ਜ਼ਿਲ੍ਹੇ ਭਰ ‘ਚ ਜਿੱਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ‘ਚ ਲਗਾਤਾਰ ਗਿਰਾਵਟ ਆ ਰਹੀ ਹੈ ਪਰ ਉੱਥੇ ਹੀ ਮੌਤ ਦਰ ਦੇ ਅੰਕੜਿਆਂ ‘ਚ ਉਤਰਾਅ-ਚਰਾਅ ਜਾਰੀ ਹੈ।
ਦੱਸਣਯੋਗ ਹੈ ਕਿ ਲੁਧਿਆਣਾ ਦੀ ਮੌਤ ਦਰ ਹੁਣ 4.1 ਫੀਸਦੀ ਹੀ ਚੱਲ ਰਹੀ ਹੈ, ਜੋ ਕਿ ਸੂਬੇ ‘ਚ ਹੁਣ ਤੀਜੇ ਨੰਬਰ ‘ਤੇ ਹੈ। ਜ਼ਿਲ੍ਹੇ ‘ਚ ਹੁਣ ਤੱਕ 762 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਇਹ ਅੰਕੜਾ ਸੂਬੇ ਦੀ ਕੁੱਲ ਮੌਤਾਂ ਦਾ 21.39 ਫੀਸਦੀ ਹਿੱਸਾ ਹੈ, ਜੋ ਕਿ ਸਭ ਤੋਂ ਜਿਆਦਾ ਹੈ।ਇਸ ਦੇ ਦੱਸਦੇ ਚੱਲਦੇ ਹਾਂ ਕਿ ਮਹਾਨਗਰ ‘ਚ ਹੁਣ ਤੱਕ 18333 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 16702 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਇਸ ਦਾ ਮਤਲਬ ਕਿ ਜ਼ਿਲ੍ਹੇ ਭਰ ‘ਚ ਹੁਣ ਤੱਕ 91 ਫੀਸਦੀ ਲੋਕ ਠੀਕ ਹੋ ਚੁੱਕੇ ਨੇ ਜਦਕਿ ਹੁਣ ਸਿਰਫ 868 ਸਰਗਰਮ ਮਾਮਲੇ ਹਨ।
ਦੱਸ ਦੇਈਏ ਕਿ ਬੀਤੇ ਦਿਨ ਭਾਵ ਸ਼ਨੀਵਾਰ ਨੂੰ ਕੋਰੋਨਾ ਦੇ 179 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 135 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਸ਼ਨੀਵਾਰ ਨੂੰ 15 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ‘ਚੋਂ 10 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ। ਇਨ੍ਹਾਂ 10 ਮ੍ਰਿਤਕਾਂ ‘ਚ 4 ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ। ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ‘ਚ ਦੂਜੇ ਸੂਬਿਆਂ ਤੋਂ ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 2316 ਤੱਕ ਪਹੁੰਚ ਚੁੱਕੀ ਹੈ।