ludhiana coronavirus patients healthy: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਜਿੱਥੇ ਸਤੰਬਰ ਮਹੀਨੇ ਦੇ ਸ਼ੁਰੂਆਤੀ ਪੱਖ ‘ਚ ਕੋਰੋਨਾ ਨੇ ਕਾਫੀ ਘਾਤਕ ਰੂਪ ਧਾਰਿਆ ਸੀ, ਉੱਥੇ ਹੀ ਮਹੀਨੇ ਦੇ ਆਖਰੀ ਪੱਖ ‘ਚ ਇਸ ਦਾ ਕਹਿਰ ਹੁਣ ਥੋੜਾ ਥੰਮ੍ਹਦਾ ਨਜ਼ਰ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ ਪਾਜ਼ੀਟਿਵ ਕੇਸ ਸਤੰਬਰ ਦੇ ਮੱਧ ਦੇ ਮੁਕਾਬਲੇ ਹੁਣ ਘੱਟ ਆ ਰਹੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪੱਧਰ ‘ਤੇ ਹਿੱਟ ਰੇਟ ਭਾਵ ਜ਼ਿਲ੍ਹੇ ਭਰ ‘ਚੋਂ ਲਏ ਗਏ ਇਕ ਦਿਨ ਦੇ ਸੈਂਪਲ ਦੇ ਮੁਕਾਬਲੇ ਪਾਜ਼ੀਟਿਵ ਆਉਣ ਦੀ ਗਿਣਤੀ ‘ਚ ਹੁਣ ਗਿਰਾਵਟ ਆ ਰਹੀ ਹੈ। ਸਿਹਤ ਵਿਭਾਗ ਦੇ ਅੰਕੜਿਆ ਮੁਤਾਬਕ 14 ਸਤੰਬਰ ਨੂੰ ਜ਼ਿਲੇ ‘ਚ ਸਭ ਤੋਂ ਜਿਆਦਾ ਹਿੱਟ ਰੇਟ ਰਿਹਾ ਸੀ, ਜਿੱਥੇ ਜ਼ਿਲ੍ਹੇ ‘ਚ 2841 ਸੈਂਪਲ ਲਏ ਗਏ, ਜਿਸ ‘ਚੋਂ 324 ਪਾਜ਼ੀਟਿਵ ਮਰੀਜ਼ਾਂ ਦੀ ਰਿਪੋਰਟ ਮਿਲੀ ਜਦਕਿ 30 ਸਤੰਬਰ ਨੂੰ ਜ਼ਿਲ੍ਹੇ ‘ਚ 4826 ਸੈਂਪਲ ਲਏ ਗਏ, ਜਿਨ੍ਹਾਂ ‘ਚ 163 ਪਾਜ਼ੀਟਿਵ ਮਰੀਜ਼ ਰਹੇ। ਰਾਹਤ ਭਰੀ ਖਬਰ ਇਹ ਹੈ ਕਿ ਜ਼ਿਲੇ ਪੱਧਰ ਤੇ ਹਿੱਟ ਰੇਟ 3.38 ਫੀਸਦੀ ਰਿਹਾ, ਜੋ 14 ਸਤੰਬਰ ਨੂੰ 11.04 ਫੀਸਦੀ ਰਿਹਾ ਹੈ।
ਦੱਸਣਯੋਗ ਹੈ ਕਿ ਜ਼ਿਲ੍ਹੇ ਭਰ ‘ਚ ਹੁਣ ਤੱਕ 17958 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 16163 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ 1051 ਸਰਗਰਮ ਮਾਮਲੇ ਹਨ। ਜ਼ਿਲ੍ਹੇ ਭਰ ‘ਚ ਹੁਣ ਤੱਕ ਕੋਰੋਨਾ ਨਾਲ 741 ਲੋਕ ਦਮ ਤੋੜ ਚੁੱਕੇ ਹਨ। ਹੁਣ ਜ਼ਿਲ੍ਹੇ ‘ਚ 15 ਮਰੀਜ਼ ਵੈਂਟੀਲੇਟਰ ‘ਤੇ ਹਨ। ਹੁਣ ਜ਼ਿਲ੍ਹੇ ‘ਚ 10 ਮਾਈਕ੍ਰੋਕੰਟੇਨਮੈਂਟ ਜ਼ੋਨ ਤੇ 1 ਕੰਟੇਨਮੈਂਟ ਜ਼ੋਨ ਹੈ। ਜ਼ਿਲ੍ਹੇ ਭਰ ‘ਚ ਹੁਣ ਤੱਕ 273854 ਸੈਂਪਲ ਲਏ ਜਾ ਚੁੱਕੇ ਹਨ।