ludhiana coronavirus peoples died: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਿਨੋ-ਦਿਨ ਘਾਤਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਬੀਤੇ ਦਿਨ ਭਾਵ ਬੁੱਧਵਾਰ ਨੂੰ 20 ਕੋਰੋਨਾ ਪੀੜਤ ਮਰੀਜ਼ਾਂ ਨੇ ਦਮ ਤੋੜਿਆ, ਜਿਨ੍ਹਾਂ ‘ਚੋਂ 16 ਲੁਧਿਆਣਾ ਦੇ ਮ੍ਰਿਤਕ ਸੀ ਅਤੇ ਬਾਕੀ ਹੋਰ ਜ਼ਿਲ੍ਹਿਆਂ ਤੋਂ ਹਨ। ਇਸ ਦੇ ਨਾਲ ਹੀ ਬੁੱਧਵਾਰ ਨੂੰ 274 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 242 ਲੁਧਿਆਣਾ ਦੇ ਅਤੇ ਬਾਕੀ 32 ਹੋਰ ਜ਼ਿਲ੍ਹਿਆਂ ਤੋਂ ਹਨ। ਇਸ ਦੇ ਨਾਲ ਹੀ ਬੁੱਧਵਾਰ ਨੂੰ ਰਾਹਤ ਭਰੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ 347 ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।
ਦੱਸਣਯੋਗ ਹੈ ਕਿ ਜ਼ਿਲ੍ਹੇ ਭਰ ‘ਚ ਹੁਣ ਤੱਕ 11,160 ਪੀੜਤ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 444 ਲੋਕ ਦਮ ਤੋੜ ਚੁੱਕੇ ਹਨ। ਜ਼ਿਲ੍ਹੇ ‘ਚ ਹੁਣ ਤੱਕ 2108 ਸਰਗਰਮ ਮਾਮਲੇ ਹਨ ਅਤੇ 8608 ਲੋਕਾਂ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਭਰ ‘ਚੋਂ ਹੁਣ ਤੱਕ 77.13 ਫੀਸਦੀ ਮਰੀਜ਼ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਹੋ ਚੁੱਕੇ ਹਨ। ਸ਼ਹਿਰ ‘ਚੋਂ ਹੁਣ ਤੱਕ 1,25,120 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 1,23,807 ਸੈਂਪਲਾਂ ਦੀ ਰਿਪੋਰਟ ਮਿਲ ਚੁੱਕੀ ਹੈ ਅਤੇ 1,12,056 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਅਤੇ 1313 ਸੈਂਪਲਾਂ ਦੀ ਰਿਪੋਰਟ ਹਾਲੇ ਵੀ ਪੈਡਿੰਗ ਹੈ।
ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਅਗਸਤ ਮਹੀਨੇ ਦੌਰਾਨ ਲੁਧਿਆਣਾ ਦੇ ਸ਼ਹਿਰੀ ਇਲਾਕੇ ਤੋਂ 6237 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਸਤੰਬਰ ਮਹੀਨੇ ਦੇ 2 ਦਿਨਾਂ ਦੌਰਾਨ ਸ਼ਹਿਰ ਨਾਲ ਸਬੰਧਿਤ 352 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2 ਦਿਨਾਂ ਦੌਰਾਨ 27 ਲੋਕਾਂ ਨੇ ਦਮ ਤੋੜਿਆ।