ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ਨੂੰ ਹੁਣ ਕੋਰੋਨਾ ਮਹਾਮਾਰੀ ਤੋਂ ਮਾਮੂਲੀ ਜਿਹੀ ਰਾਹਤ ਵੀ ਮਿਲੀ ਹੈ ਕਿ ਬੀਤੇ 2 ਦਿਨਾਂ ਤੋਂ ਜ਼ਿਲ੍ਹੇ ‘ਚ 200 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਲਗਾਤਾਰ ਡੇਢ ਮਹੀਨੇ ਤੱਕ ਰੈੱਡ ਜ਼ੋਨ ‘ਚ ਰਹਿਣ ਤੋਂ ਬਾਅਦ ਲੁਧਿਆਣਾ ਹੁਣ ਓਰੇਂਜ ਜ਼ੋਨ ‘ਚ ਆ ਪਹੁੰਚਿਆ ਹੈ।ਜਾਣਕਾਰੀ ਮੁਤਾਬਕ 3 ਅਗਸਤ ਤੋਂ 13 ਸਤੰਬਰ ਤੱਕ ਜ਼ਿਲ੍ਹਾ ਲਗਾਤਾਰ ਰੈੱਡ ਜ਼ੋਨ ‘ਚ ਰਿਹਾ ਹੈ। ਸਿਹਤ ਵਿਭਾਗ ਦੇ ਅੰਕੜਿਆ ਮੁਤਾਬਕ 3-16 ਅਗਸਤ ਤੱਕ 3227 ਮਾਮਲੇ, 17 ਤੋਂ 30 ਅਗਸਤ ਤੱਕ 3676 ਮਾਮਲੇ, 31 ਅਗਸਤ ਤੋਂ 13 ਸਤੰਬਰ ਤੱਕ 3414 ਮਾਮਲੇ ਆਉਣ ਤੱਕ ਲੁਧਿਆਣਾ ਰੈੱਡ ਜ਼ੋਨ ‘ਚ ਰਿਹਾ ਹੈ। ਇਨ੍ਹਾਂ 45 ਦਿਨਾਂ ਦੌਰਾਨ ਜ਼ਿਲ੍ਹੇ ‘ਚ 10317 ਮਾਮਲੇ ਸਾਹਮਣੇ ਆਏ ਹਨ। ਇੰਨੇ ਲੰਬੇ ਸਮੇਂ ਤੱਕ ਰੈੱਡ ਜ਼ੋਨ ‘ਚ ਸਿਰਫ ਲੁਧਿਆਣਾ ਜ਼ਿਲ੍ਹਾਂ ਹੀ ਰਿਹਾ ਹੈ। ਇਸ ਤੋਂ ਇਲਾਵਾ 14 ਤੋਂ 22 ਸਤੰਬਰ ਤੱਕ ਜ਼ਿਲ੍ਹੇ ‘ਚ 2739 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਹੁਣ ਜ਼ਿਲ੍ਹਾਂ ਓਰੇਂਜ ਜ਼ੋਨ ‘ਚ ਪਹੁੰਚਿਆ ਹੈ।
ਦੱਸਣਯੋਗ ਹੈ ਕਿ ਜ਼ਿਲ਼੍ਹੇ ‘ਚ ਹੁਣ ਤੱਕ 16599 ਕੋਰੋਨਾ ਪੀੜਤ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 14380 ਮਰੀਜ਼ (86 ਫੀਸਦੀ) ਸਿਹਤਯਾਬ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ‘ਚ 1539 ਸਰਗਰਮ ਮਾਮਲੇ ਹਨ ਜਦਕਿ 679 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਭਰ ‘ਚ ਹੁਣ ਤੱਕ 2,37,420 ਸੈਂਪਲ ਲਏ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ ਸਿਰਫ 11 ਮਈ ਤੋਂ 21 ਜੂਨ ਤੱਕ ਹੀ ਯੈਲੋ ਜ਼ੋਨ ‘ਚ ਰਿਹਾ ਹੈ। ਇਸ ਤੋਂ ਬਾਅਦ ਅੰਕੜਾ ਲਗਾਤਾਰ ਵਧਿਆ ਹੀ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ) ਦੇ ਇਕ ਪੰਦਰਵਾੜੇ ‘ਚ ਆਉਣ ਵਾਲੇ ਕੇਸਾਂ ਮੁਤਾਬਕ ਜ਼ਿਲ੍ਹਿਆਂ ਨੂੰ ਗ੍ਰੀਨ, ਯੈਲੋ, ਓਰੇਂਜ ਅਤੇ ਰੈੱਡ ਜ਼ੋਨ ‘ਚ ਵੰਡਿਆ ਜਾਂਦਾ ਹੈ। ਪੂਰੇ ਸੂਬੇ ‘ਚ ਲੁਧਿਆਣਾ, ਅੰਮ੍ਰਿਤਸਰ , ਜਲੰਧਰ ਨੂੰ ਛੱਡ ਬਾਕੀ ਜ਼ਿਲ੍ਹੇ ਗ੍ਰੀਨ ਜ਼ੋਨ ‘ਚ ਰਹਿ ਚੁੱਕੇ ਹੈ।