ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)-ਭਾਵੇ ਸਤੰਬਰ ਮਹੀਨੇ ‘ਚ ਲੁਧਿਆਣਾ ਜ਼ਿਲ੍ਹਾ ਕੋਰੋਨਾ ਦੇ ਪੀਕ ਦੌਰ ‘ਚ ਲੰਘ ਚੁੱਕਿਆ ਹੈ, ਜਿਸਨੂੰ ਮਾਹਿਰਾਂ ਵੱਲ਼ੋਂ ਪਹਿਲਾ ਪੀਕ ਦੌਰ ਮੰਨਿਆ ਜਾ ਰਿਹਾ ਹੈ ਪਰ ਹੁਣ ਵੀ ਮਾਹਰਾਂ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਭਾਵੇ ਹੁਣ ਲੁਧਿਆਣਾ ‘ਚ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ‘ਚ ਲਗਾਤਾਰ ਗਿਰਾਵਟ ਆ ਰਹੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸੁਰੱਖਿਆ ਦੇ ਤਰੀਕਿਆਂ ਨੂੰ ਅਪਣਾਉਣਾ ਛੱਡ ਦਿੱਤਾ ਹੈ, ਕਿਉਂਕਿ ਅਕਤੂਬਰ ਦੇ ਅੰਤ ਤੋਂ ਬਾਅਦ ਸੈਕਿੰਡ ਵੇਵ ਆ ਸਕਦੀ ਹੈ। ਦੱਸ ਦੇਈਏ ਕਿ ਸਰਦੀਆਂ ਦੇ ਮੌਸਮ ‘ਚ ਕੋਵਿਡ-19 ਦੇ ਪੀੜਤ ਮਾਮਲੇ ਇਕ ਵਾਰ ਫਿਰ ਵੱਧ ਸਕਦੇ ਹਨ। ਇਸ ਲਈ ਸਾਵਧਾਨੀ ਨੂੰ ਵਧਾਉਣਾ ਹੋਵੇਗਾ। ਇਸ ਸਬੰਧੀ ਸਿਵਲ ਹਸਪਤਾਲਾ ਦੇ ਕੋਵਿਡ ਵਾਰਡ ਇੰਚਾਰਜ ਅਤੇ ਕੋਰ ਟੀਮ ਦੀ ਮੈਂਬਰ ਡਾ. ਹਤਿੰਦਰ ਕੌਰ ਨੇ ਦੱਸਿਆ ਹੈ ਕਿ ਅਸੀਂ ਪੀਕ ਦੌਰ ਤੋਂ ਨਿਕਲ ਚੁੱਕੇ ਹਾਂ ਪਰ ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਪਹਿਲੇ ਹਫਤੇ ‘ਚ ਮਾਮਲੇ ਵੱਧ ਸਕਦੇ ਹਨ। ਇਸ ਲਈ ਅਹਿਤਿਆਤ ਨੂੰ ਦੁੱਗਣਾ ਕਰਨਾ ਹੋਵੇਗਾ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਸੋਮਵਾਰ ਨੂੰ ਜ਼ਿਲ੍ਹੇ ‘ਚੋਂ 163 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 133 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਸੋਮਵਾਰ ਨੂੰ 10 ਮਰੀਜ਼ਾਂ ਨੇ ਦਮ ਤੋੜਿਆ, ਜਿਨ੍ਹਾਂ ਕੋਵਿਡ ਪਾਜ਼ੀਟਿਵ ਮ੍ਰਿਤਕ ਮਾਛੀਵਾੜਾ ਦੇ ਪੰਚਾਇਤ ਅਫਸਰ ਗੁਰਚਰਨ ਸਿੰਘ ਵੀ ਮੌਜੂਦ ਹਨ, ਜੋ ਕਿ ਮੋਹਾਲੀ ਦੇ ਆਈ.ਵੀ.ਵਾਈ ਹਸਪਤਾਲ ‘ਚ ਭਰਤੀ ਸੀ।
ਜ਼ਿਕਰਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ 17615 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੇ ਹੈ ਜਦਕਿ 723 ਮਰੀਜ਼ ਦਮ ਤੋੜ ਚੁੱਕੇ ਹਨ। ਰਾਹਤ ਭਰੀ ਖਬਰ ਇਹ ਹੈ ਕਿ ਹੁਣ ਤੱਕ 89.61 ਫੀਸਦੀ ਭਾਵ 15785 ਲੋਕ ਕੋਰੋਨਾ ਨੂੰ ਮਾਤ ਦੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ‘ਚ ਹੁਣ ਤੱਕ ਸਿਰਫ 1104 ਸਰਗਰਮ ਮਾਮਲੇ ਹਨ।