ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲੇ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ। 35 ਦਿਨਾਂ ਬਾਅਦ ਇੰਝ ਹੋਇਆ ਹੈ ਕਿ ਇਕੋ ਦਿਨ ਦੌਰਾਨ ਕੋਰੋਨਾ ਨਾਲ 6 ਮਰੀਜ਼ਾਂ ਨੇ ਦਮ ਤੋੜਿਆ ਹੈ, ਜਿਨ੍ਹਾਂ ‘ਚੋਂ 3 ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਜਦਕਿ 3 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਦੱਸ ਦੇਈਏ ਕਿ ਫਰਵਰੀ ਮਹੀਨੇ ਦੌਰਾਨ ਹੁਣ ਤੱਕ ਜ਼ਿਲ੍ਹੇ ‘ਚ 50 ਕੋਰੋਨਾ ਮਰੀਜ਼ ਦਮ ਤੋੜ ਚੁੱਕੇ ਹਨ, ਜਿਨ੍ਹਾਂ ‘ਚੋਂ 24 ਲੁਧਿਆਣਾ ਦੇ ਰਹਿਣ ਵਾਲੇ ਹਨ। ਇਸ ਤੋਂ ਪਹਿਲਾਂ 21 ਜਨਵਰੀ ਨੂੰ ਇਕੋ ਦਿਨ ‘ਚ 6 ਮਰੀਜ਼ਾਂ ਨੇ ਦਮ ਤੋੜਿਆ ਸੀ। ਹੁਣ ਤੱਕ ਜ਼ਿਲ੍ਹੇ ਭਰ ‘ਚ ਕੋਰੋਨਾ ਕਾਰਨ 1026 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਕੋਰੋਨਾ ਦੇ 99 ਨਵੇਂ ਕੇਸ ਆਏ ਹਨ, ਜਿਨ੍ਹਾਂ ‘ਚ 75 ਲੁਧਿਆਣਾ ਨਾਲ ਸਬੰਧਤ ਅਤੇ ਬਾਕੀ ਹੋਰਨਾ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਨ੍ਹਾਂ ਪਾਜ਼ੀਟਿਵ ਮਰੀਜ਼ਾਂ ‘ਚ 2 ਵਿਦਿਆਰਥੀ ਬੀ.ਸੀ.ਐੱਮ ਸ਼ਾਸਤਰੀ ਨਗਰ ਸਕੂਲ, 1 ਵਿਦਿਆਰਥੀ ਕਿੰਡਰ ਗਾਰਡਰਨ ਸਕੂਲ ਸਮਰਾਲਾ, ਇੱਕ ਵਿਦਿਆਰਥੀ ਓਸਵਾਲ ਨਰਸਿੰਗ ਕਾਲਜ਼ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 2 ਅਧਿਆਪਕ, ਇੱਕ ਡੀ.ਪੀ.ਐੱਸ ਸਕੂਲ ਅਤੇ ਇੱਕ ਅਧਿਆਪਕ ਹਲਵਾਰਾ ਸਰਕਾਰੀ ਸਕੂਲ ਨਾਲ ਸਬੰਧਤ ਹਨ। ਸ਼ੁੱਕਰਵਾਰ ਨੂੰ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਛੇ ਕਰੋਨਾ ਮਰੀਜ਼ਾਂ ਦੀ ਮੌਤ ਹੋਈ। ਜ਼ਿਲ੍ਹੇ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 530 ਤੱਕ ਪਹੁੰਚ ਚੁੱਕੀ ਹੈ ਜਦਕਿ 2 ਮਰੀਜ਼ ਵੈਂਟੀਲੇਟਰ ‘ਤੇ ਹਨ। ਮਹਾਨਗਰ ‘ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 26993 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ‘ਚੋਂ 25434 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।
ਇਹ ਵੀ ਦੇਖੋ–