ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਅਤੇ ਪੀੜਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇੰਨਾ ਹੀ ਨਹੀਂ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ‘ਚ ਵੱਡਾ ਵਾਧਾ ਹੋਣ ਕਾਰਨ ਲੋਕਾਂ ‘ਚ ਮੁੜ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਸਿਹਤ ਵਿਭਾਗ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ‘ਚ ਵੀਰਵਾਰ ਨੂੰ ਕੋਰੋਨਾ ਤੋਂ ਪ੍ਰਭਾਵਿਤ 129 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਲੁਧਿਆਣਾ ਨਾਲ ਸਬੰਧਿਤ 106 ਮਰੀਜ਼, ਜਦਕਿ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ 23 ਮਰੀਜ਼ ਸ਼ਾਮਿਲ ਹਨ। ਵੀਰਵਾਰ ਨੂੰ ਲੁਧਿਆਣਾ ਨਾਲ ਸਬੰਧਿਤ 3 ਮਰੀਜ਼ਾਂ ਦੀ ਮੌਤ ਹੋਈ ਹੈ।
ਦੱਸਣਯੋਗ ਹੈ ਕਿ ਹੁਣ ਤੱਕ ਮਹਾਨਗਰ ‘ਚ ਪੀੜਤ ਮਾਮਲਿਆਂ ਦੀ ਗਿਣਤੀ 27,473 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ 25750 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ ਹੁਣ ਤੱਕ ਲੁਧਿਆਣਾ ‘ਚ 1034 ਮਰੀਜ਼ ਦਮ ਤੋੜ ਚੁੱਕੇ ਹਨ।ਜ਼ਿਲ੍ਹੇ ‘ਚ ਹੁਣ 689 ਸਰਗਰਮ ਮਰੀਜ਼ ਹਨ। ਦੱਸ ਦੇਈਏ ਕਿ ਜਨਵਰੀ ਅਤੇ ਫਰਵਰੀ ‘ਚ ਸਿਹਤ ਵਿਭਾਗ ਰੋਜ਼ਾਨਾ 1500 ਤੋਂ 2000 ਦੇ ਵਿਚਾਲੇ ਸੈਂਪਲ ਲੈ ਰਿਹਾ ਸੀ ਪਰ ਮਾਰਚ ਮਹੀਨੇ ਤੋਂ ਸੈਂਪਲਿੰਗ ਦੀ ਗਿਣਤੀ ਵਧਾ ਕੇ 4 ਹਜ਼ਾਰ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਹੁਣ ਤੱਕ 20639 ਹੈਲਥ ਕੇਅਰ ਵਰਕਰਾਂ, 9217 ਫ੍ਰੰਟ ਲਾਈਨ ਵਰਕਰਾਂ ਅਤੇ 4219 ਆਮ ਲੋਕ ਵੈਕਸੀਨ ਲਗਵਾ ਚੁੱਕੇ ਹਨ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਜ਼ੁਰਗਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੇ 38 ਸੇਵਾ ਕੇਂਦਰਾਂ ਵਿੱਚ ਕੋਵਿਡ-19 ਟੀਕਾਕਰਨ ਲਈ ਰਜਿਸਟਰੇਸ਼ਨ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਰਜਿਸਟ੍ਰੇਸ਼ਨ ਦੀ ਸਹੂਲਤ ਲਈ 30 ਰੁਪਏ ਦੀ ਫੀਸ ਲਈ ਜਾਵੇਗੀ।
ਇਹ ਵੀ ਦੇਖੋ–