Ludhiana daughter achievements Canada: ਲੁਧਿਆਣਾ (ਤਰਸੇਮ ਭਾਰਦਵਾਜ)-ਖੇਤਰ ਚਾਹੇ ਖੇਡਾਂ ਦਾ ਹੋਵੇ ਜਾਂ ਫਿਰ ਪੜ੍ਹਾਈ ਦਾ, ਪੰਜਾਬੀ ਵਿਦਿਆਰਥੀਆਂ ਨੇ ਦੁਨੀਆਂ ਦੇ ਕੋਨੇ ਕੋਨੇ ‘ਚ ਜਾ ਕੇ ਉਚਾਈਆਂ ਦੇ ਅਜਿਹੇ ਝੰਡੇ ਗੱਡੇ ਹਨ, ਜੋ ਪੰਜਾਬੀਆਂ ਲਈ ਵੱਖਰੀ ਪਹਿਚਾਣ ਕਾਇਮ ਕਰਦੇ ਹਨ। ਅਜਿਹੇ ਇਕ ਹੋਰ ਵਿਦਿਆਰਥੀ ਦਾ ਨਾਂ ਸਾਹਮਣੇ ਆਇਆ ਹੈ, ਜਿਸ ਨੇ ਵਿਦੇਸ਼ਾਂ ‘ਚ ਆਪਣੇ ਜਿੱਤ ਦੀ ਧਾਂਕ ਜਮਾਈ ਹੈ ਅਤੇ ਪੰਜਾਬ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਜੀ ਹਾਂ ਗੱਲ ਕਰਦੇ ਹਾਂ ਲੁਧਿਆਣਾ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਦੀ, ਜਿਸ ਨੂੰ ਕੈਨੇਡਾ ‘ਚ ਵਿੰਡਸਰ ਯੂਨੀਵਰਸਿਟੀ ‘ਚ ਵਿਦਿਆਰਥੀ ਪ੍ਰੀਸ਼ਦ ਦੀ ਪ੍ਰਧਾਨ ਚੁਣਿਆ ਗਿਆ ਹੈ।
ਜਦੋਂ ਇਸ ਸਬੰਧੀ ਸਿਮਰਨਜੀਤ ਕੌਰ ਦੇ ਮਾਪਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੀ ਧੀ ਹੁਣ ਇਕ ਸਾਲ ਲਈ ਕੈਨੇਡਾ ਗਈ ਸੀ, ਜਿੱਥੇ ਉਸ ਨੇ ਅਧਿਐਨ ਦੇ ਪਹਿਲੇ ਸਾਲ ਨੂੰ ਪੂਰਾ ਕਰਨ ਤੋਂ ਬਾਅਦ ਆਪਣੇ ਦੋ ਸੈਮੇਸਟਰਾਂ ’ਚ 100 ’ਚੋਂ 100 ਅੰਕ ਪ੍ਰਾਪਤ ਕੀਤੇ ਅਤੇ ਆਪਣੇ ਪ੍ਰੋਫੈਸਰਾਂ ਨੂੰ ਪ੍ਰਭਾਵਿਤ ਕੀਤਾ। ਸਿਮਰਨਜੀਤ ਨੂੰ ਆਪਣੇ ਪਹਿਲੇ ਅਧਿਐਨ ਦੌਰਾਨ ਯੂਨੀਵਰਸਿਟੀ ਦੇ ਡੀਨ ਵੱਲੋਂ ਸਹਾਇਕ ਪ੍ਰੋਫੈਸਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਦੀਆਂ ਚੋਣਾਂ ’ਚ ਸਿਮਰਨਜੀਤ ਕੌਰ ਨੂੰ ਬਿਨਾਂ ਕਿਸੇ ਚੋਣ ਦੇ ਵਿਦਿਆਰਥੀ ਪ੍ਰੀਸ਼ਦ ਦਾ ਪ੍ਰਧਾਨ ਚੁਣਿਆ ਗਿਆ।