ludhiana doctor jumped Hospital: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ਦੇ ਸੀ.ਐੱਮ.ਸੀ ਹਸਪਤਾਲ ‘ਚ ਉਸ ਸਮੇਂ ਹੰਗਾਮਾ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਇੱਥੇ ਇਲਾਜ ਲਈ ਭਰਤੀ ਮਹਿਲਾ ਨੂੰ ਕੋਰੋਨਾ ਰਿਪੋਰਟ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਰੌਲਾ ਪਾ ਲਿਆ। ਹੰਗਾਮਾ ਇੰਨਾ ਵੱਧ ਗਿਆ ਕਿ ਡਾਕਟਰ ਨੇ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ।
ਦੱਸਣਯੋਗ ਹੈ ਕਿ ਸੀ.ਐੱਮ.ਸੀ ਹਸਪਤਾਲ ‘ਚ ਸੋਮਵਾਰ ਦੇਰ ਰਾਤ ਸੜਕ ਹਾਦਸੇ ‘ਚ ਜ਼ਖਮੀ ਹੋਈ ਇਕ ਬਜ਼ੁਰਗ ਔਰਤ ਨੂੰ ਭਰਤੀ ਕਰਵਾਇਆ ਗਿਆ ਸੀ, ਜਿਸ ਦੀ ਕੋਰੋਨਾ ਜਾਂਚ ਕੀਤੀ ਗਈ ਤਾਂ ਇਕ ਡਾਕਟਰ ਨੇ ਮੋਬਾਈਲ ‘ਤੇ ਨੈਗੇਟਿਵ ਰਿਪੋਰਟ ਵਿਖਾਈ ਪਰ ਬਾਅਦ ‘ਚ ਕੰਪਿਊਟਰ ‘ਤੇ ਰਿਪੋਰਟ ਵਿਖਾ ਕੇ ਕਿਹਾ ਗਿਆ ਕਿ ਉਹ ਪਾਜ਼ੇਟਿਵ ਹਨ। ਇਸ ਗੱਲ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਜੰਮ ਕੇ ਹੰਗਾਮਾ ਕੀਤਾ। ਪਰਿਵਾਰਿਕ ਮੈਂਬਰਾਂ ਨੇ ਮਰੀਜ਼ ਨੂੰ ਪਹਿਲਾਂ ਨੈਗੇਟਿਵ ਤੇ ਫਿਰ ਪਾਜ਼ੀਟਿਵ ਦੱਸਣ ‘ਤੇ ਇੰਨਾ ਭੜਕੇ ਕਿ ਉਸ ਸਮੇਂ ਡਿਊਟੀ ‘ਤੇ ਤਾਇਨਾਤ ਡਾਕਟਰ ਨੇ ਪਹਿਲਾਂ ਖੁਦ ਨੂੰ ਬਾਥਰੂਮ ‘ਚ ਬੰਦ ਕਰ ਲਿਆ ਅਤੇ ਫਿਰ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਦੇ ਗੁੱਸੇ ਤੋਂ ਬਚਣ ਲਈ ਖਿੜਕੀ ਤੋੜ ਕੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਡਾਕਟਰ ਦੇ ਪੈਰ ‘ਚ ਸੱਟ ਲੱਗੀ ਹੈ। ਹੰਗਾਮਾ ਕੀਤੇ ਜਾਣ ਦੀ ਸੂਚਨਾ ਮੌਕੇ ‘ਤੇ ਡਵੀਜ਼ਨ ਨੰਬਰ 3 ਦੀ ਪੁਲਿਸ ਪਹੁੰਚੀ। ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਝੂਠੀ ਰਿਪੋਰਟ ਬਣਾਏ ਜਾਣ ਬਾਰੇ ਲਿਖਤੀ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਵੀ ਹਸਪਤਾਲ ‘ਚ ਪਰਿਵਾਰਕ ਮੈਂਬਰਾਂ ਦੇ ਇਕੱਠਾ ਹੋਣ ਦੀ ਸੂਚਨਾ ‘ਤੇ ਥਾਣਾ ਤਿੰਨ ਦੇ ਐੱਸ.ਐੱਸ.ਓ ਸਤੀਸ਼ ਕੁਮਾਰ ਮੌਕੇ ‘ਤੇ ਪੁੱਜੇ।ਦੂਜੇ ਪਾਸੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ਲੂਥਰ ਮੁਤਾਬਕ ਮਰੀਜ਼ ਕੋਰੋਨਾ ਰਿਪੋਰਟ ਪਾਜ਼ੀਟਿਵ ਹੈ ਪਰ ਪਰਿਵਾਰਿਕ ਮੈਂਬਰਾਂ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈ ਅਤੇ ਜਬਰਦਸਤੀ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ‘ਚ ਹੰਗਾਮਾ ਕੀਤਾ ਗਿਆ ਹੈ। ਇਸ ਦੀ ਉਨ੍ਹਾਂ ਕੋਲੋ ਸੀ.ਸੀ.ਟੀ.ਵੀ ਫੁਟੇਜ ਵੀ ਮਿਲੀ ਹੈ, ਜੋ ਕਿ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ।