ludhiana drivers attack prescription: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ‘ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਥੇ ਇਕ ਨੌਜਵਾਨ ‘ਤੇ ਕੁਝ ਬਦਮਾਸ਼ਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਅੱਧ ਮਰਿਾ ਕਰ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇ ਦੋਸ਼ੀ ਮੌਕੇ ‘ਤੇ ਫਰਾਰ ਹੋ ਗਏ। ਨੇੜੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਜ਼ਖਮੀ ਨੌਜਵਾਨ ਦੀ ਪਛਾਣ ਜੱਸੀਆ ਪਿੰਡ ਦੇ ਡਰਾਈਵਰ ਦੇ ਰੂਪ ‘ਚ ਹੋਈ, ਜਿਸ ਦਾ ਨਾਂ ਅਰੁਣ ਸੀ।
ਇਹ ਘਟਨਾ 22 ਅਗਸਤ ਨੂੰ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਕੰਮ ਤੋਂ ਵਾਪਿਸ ਘਰ ‘ਤੇ ਮੋਟਰਸਾਈਕਲ ਰਾਹੀਂ ਆ ਰਿਹਾ ਸੀ ਤਾਂ ਇਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ, ਜੋ ਕਿ ਦਾਤਰ, ਗੰਡਾਸੇ, ਤਲਵਾਰ ਆਦਿ ਹਥਿਆਰਾਂ ਨਾਲ ਲੈਸ ਸਨ। ਇਹ ਦੇਖ ਕੇ ਅਰੁਣ ਘਬਰਾ ਗਿਆ ਅਤੇ ਮੋਟਰਸਾਈਕਲ ਛੱਡ ਕੇ ਭੱਜਣ ਲੱਗਾ ਤਾਂ ਹਮਲਾਵਰ ਉਸ ’ਤੇ ਟੁੱਟ ਪਏ ਅਤੇ ਅੰਨ੍ਹੇਵਾਹ ਵਾਰ ਕਰ ਕੇ ਉਸ ਦੇ ਹੱਥ-ਪੈਰ ਵੱਢ ਦਿੱਤੇ। ਇੰਨਾ ਹੀ ਨਹੀਂ, ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਸਿਰ ’ਤੇ ਵੀ ਕਈ ਵਾਰ ਕੀਤੇ। ਖੂਨ ਨਾਲ ਲੱਥਪਥ ਅਰੁਣ ਬੇਹੋਸ਼ ਹੋ ਕੇ ਡਿੱਗ ਪਿਆ। ਬਾਵਜੂਦ ਇਸ ਦੇ ਹਮਲਾਵਰ ਉਸ ’ਤੇ ਵਾਰ ਕਰਦੇ ਰਹੇ ਅਤੇ ਉਸ ਨੂੰ ਮਰਿਆ ਹੋਇਆ ਸਮਝ ਕੇ ਮੌਕੇ ਤੋਂ ਭੱਜ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਘਟਨਾ ਦੀ ਜਾਣਕਾਰੀ ਅਰੁਣ ਦੇ ਪਰਿਵਾਰ ਅਤੇ ਪੁਲਸ ਨੂੰ ਦਿੱਤੀ। ਪਿੰਡ ਦੇ ਕੁੱਝ ਲੋਕਾਂ ਨੂੰ ਨਾਲ ਲੈ ਕੇ ਅਰੁਣ ਦਾ ਭਰਾ ਚੰਦਨ ਪਾਸਵਾਨ ਜੋ ਕਿ ਕੁਝ ਦਿਨ ਪਹਿਲਾਂ ਹੀ ਪਿੰਡੋਂ ਇੱਥੇ ਆਇਆ ਹੈ, ਮੌਕੇ ’ਤੇ ਪੁੱਜਾ, ਜਿਸ ਨੇ ਅਰੁਣ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।ਇਸ ਮਾਮਲੇ ਸਬੰਧੀ ਪੁਲਿਸ ਨੇ ਦੋਸ਼ੀਆਂ ‘ਤੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਜ਼ਖਮੀ ਨੌਜਵਾਨ ਦੇ ਭਰਾ ਚੰਦਨ ਨੇ ਦੱਸਿਆ ਹੈ ਕਿ ਉਸ ਦਾ ਭਰਾ ਟਰੈਕਟਰ ਟਰਾਲੀ ਚਲਾਉਂਦਾ ਸੀ ਪਰ ਮਾਰਚ ਮਹੀਨੇ ਦੌਰਾਨ ਇਕ ਦਿਨ ਉਹ ਦੁੱਧ ਲੈਣ ਗਿਆ ਸੀ ਤਾਂ ਉਸ ਦੇ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਜਦੋਂ ਮਾਮਲੇ ਸਬੰਧੀ ਨੌਜਵਾਨ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਗਿਆ ਤਾਂ ਉਲਟਾ ਪੁਲਿਸ ਨੇ ਉਸ ‘ਤੇ ਮਾਮਲਾ ਦਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਨੌਜਵਾਨ ਇਨਸਾਫ ਦੀ ਮੰਗ ਲਈ ਅਦਾਲਤ ਪਹੁੰਚਿਆ ਅਤੇ ਫਿਰ 17 ਅਗਸਤ ਨੂੰ ਦੋਸ਼ੀਆਂ ‘ਤੇ ਕਰਾਸ ਐੱਫ.ਆਈ.ਆਰ ਦੇ ਆਦੇਸ਼ ਜਾਰੀ ਹੋਏ। ਦੋਸ਼ੀਆਂ ਨੇ ਇਸ ਰੰਜਿਸ਼ ਤਹਿਤ ਨੌਜਵਾਨ ‘ਤੇ ਦੁਬਾਰਾ ਹਮਲਾ ਕੀਤਾ ਹੈ।