ludhiana gulel gang arrested: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਬੀਤੇ ਦਿਨਾਂ ਤੋਂ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਬੈਗ ਚੁਰਾਉਣ ਵਾਲੇ ਗੈਂਗ ਦਾ ਆਖਰਕਾਰ ਪੁਲਿਸ ਨੇ ਪਤਾ ਕਰਵਾ ਹੀ ਲਿਆ। ਪੁਲਿਸ ਨੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤੇ ਹਨ, ਜਿਨ੍ਹਾਂ ਕੋਲੋਂ ਲੈਪਟਾਪ ਸਮੇਤ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨਾਂ ਤੋਂ ਇੱਥੇ ਚੋਰਾਂ ਨੇ ਪਾਰਕਿੰਗ ਜਾਂ ਸੜਕਾਂ ‘ਤੇ ਖੜ੍ਹੀਆਂ ਕਾਰਾਂ ਨੂੰ ਨਿਸ਼ਾਨਾਂ ਬਣਾਇਆ ਸੀ।
ਜੁਆਇੰਟ ਕਮਿਸ਼ਨਰ ਭਾਗੀਰਥ ਸਿੰਘ ਮੀਨਾ ਅਤੇ ਏ.ਡੀ.ਸੀ.ਪੀ ਸਮੀਰ ਵਰਮਾ ਮੁਤਾਬਕ 2 ਦਿਨ ਪਹਿਲਾਂ ਪੁਲਿਸ ਨੇ ਕਾਰ ਦਾ ਸ਼ੀਸ਼ਾ ਤੋੜ ਤੇ ਸਾਮਾਨ ਚੋਰੀ ਕਰਨ ਵਾਲੇ ਦੋਸ਼ੀ ਗਗਨਦੀਪ ਸਿੰਘ ਅਤੇ ਅਮਰਿੰਦਰ ਸਿੰਘ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਨੇ ਆਪਣੀ ਜ਼ੁਰਮ ਕਬੂਲ ਕਰ ਲਿਆ ਹੈ। ਗਿਰੋਹ ਦਾ ਤੀਜਾ ਸਾਥੀ ਫਰਾਰ ਦੱਸਿਆ ਜਾਂਦਾ ਸੀ, ਜਿਸਦੀ ਨਿਸ਼ਾਨਦੇਹੀ ਦੇ ਆਧਾਰ ‘ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਦੋਸ਼ੀਆਂ ਤੋਂ ਪੁੱਛਗਿੱਛ ਕਰਦੇ ਹੋਏ ਸੀਨ ਰੀ-ਕ੍ਰਿਏਟ ਕਰਵਾਇਆ, ਜਿਨ੍ਹਾਂ ਨੇ ਦੱਸਿਆ ਕਿ ਉਹ ਕਿੰਝ ਗੁਲੇਲ ਨਾਲ ਸ਼ੀਸ਼ਾ ਤੋੜਦੇ ਸੀ ਅਤੇ ਫਿਰ ਸਾਮਾਨ ਚੋਰੀ ਕਰ ਲੈ ਜਾਂਦੇ ਸੀ, ਜਿਸ ਦਾ ਸਾਰਾ ਸੀਨ ਲੁਧਿਆਣਾ ਪੁਲਿਸ ਦੇ ਆਫੀਸ਼ੀਅਲੀ ਫੇਸਬੁੱਕ ਪੇਜ ‘ਤੇ ਲਾਈਵ ਕੀਤਾ ਗਿਆ।
ਦੱਸਣਯੋਗ ਹੈ ਕਿ ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਤਾਂ ਮੁੱਖ ਦੋਸ਼ੀ ਗਗਨ ਨੇ ਦੱਸਿਆ ਕਿ ਉਸ ਦੇ ਖਿਲਾਫ ਪਹਿਲਾਂ 3 ਮਾਮਲੇ ਦਰਜ ਹਨ। ਉਹ 28 ਮਾਰਚ ਨੂੰ ਜੇਲ ਤੋਂ ਬਾਹਰ ਆਇਆ ਸੀ। ਧਰਮਿੰਦਰ ‘ਤੇ ਇਕ ਪਰਚਾ ਦਰਜ ਹੈ ਜਦਕਿ ਅਮਰਿੰਦਰ ਨਵਾਂ ਸੀ। ਤਿੰਨੋ ਇਕ ਹੀ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਚੋਰੀ ਦੀਆਂ ਐਕਟਿਵਾ ‘ਤੇ ਹੀ ਉਨ੍ਹਾਂ ਨੇ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ।