ludhiana increase dengue patients: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਫਿਰ ਤੋਂ ਇਕ ਹੋਰ ਬੀਮਾਰੀ ਨੇ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਜਿੱਥੇ ਪਹਿਲਾਂ ਜ਼ਿਲ੍ਹੇ ‘ਚ ਕੋਰੋਨਾ ਨੂੰ ਲੈ ਕੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਉੱਥੇ ਹੀ ਹੁਣ ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ ‘ਚ ਹੋ ਰਹੇ ਵਾਧੇ ਨੇ ਸਿਹਤ ਪ੍ਰਸ਼ਾਸਨ ਨੂੰ ਭੜਥੂ ਪਾ ਦਿੱਤਾ ਹੈ। ਦਰਅਸਲ 21 ਸਤੰਬਰ ਤੱਕ ਜ਼ਿਲ੍ਹੇ ‘ਚ ਡੇਂਗੂ ਦੇ ਸਿਰਫ 21 ਮਰੀਜ਼ ਸੀ, ਹੁਣ ਇਹੀ ਗਿਣਤੀ ਵੱਧ ਕੇ 451 ਤੱਕ ਪਹੁੰਚ ਗਈ ਹੈ। ਦੱਸ ਦੇਈਏ ਕਿ ਬੀਤੇ 17 ਦਿਨਾਂ ਦੌਰਾਨ ਜ਼ਿਲ੍ਹੇ ‘ਚ ਡੇਂਗੂ ਦੇ 430 ਮਰੀਜ਼ ਮਿਲੇ ਹਨ। ਇਸ ਹਿਸਾਬ ਨਾਲ ਰੋਜ਼ਾਨਾ ਔਸਤਨ 25 ਮਰੀਜ਼ ਮਿਲ ਰਹੇ ਹਨ।
ਸਿਹਤ ਵਿਭਾਗ ਲਈ ਵੱਡੀ ਚਿੰਤਾ ਵਾਲੀ ਗੱਲ ਉਸ ਸਮੇਂ ਪੈਦਾ ਹੋ ਗਈ, ਜਦੋਂ 2 ਦਿਨਾਂ ਦੌਰਾਨ 80 ਤੋਂ ਜਿਆਦਾ ਡੇਂਗੂ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਇਸ ਦੌਰਾਨ ਖੁਲਾਸਾ ਹੋਇਆ ਕਿ ਡੇਂਗੂ ਸਭ ਤੋਂ ਜਿਆਦਾ ਬੱਚਿਆ ਲਈ ਘਾਤਕ ਸਿੱਧ ਹੋ ਰਿਹਾ ਹੈ। ਇਸ ਦਾ ਪਤਾ ਹਸਪਤਾਲ ‘ਚ ਭਰਤੀ ਮਰੀਜ਼ਾਂ ਤੋਂ ਲੱਗਦਾ ਹੈ, ਜਿਨ੍ਹਾਂ ‘ਚ ਕੁਝ ਦਿਨਾਂ ਤੋਂ ਲੈ ਕੇ 12 ਸਾਲ ਤੱਕ ਦੇ ਬੱਚੇ ਹੀ ਪੀੜਤ ਮਿਲ ਰਹੇ ਹਨ। ਪਿਛਲੇ 2 ਦਿਨਾਂ ਦੌਰਾਨ 30 ਤੋਂ ਜਿਆਦਾ ਮਰੀਜ਼ ਸੀ.ਐੱਮ.ਸੀ ਹਸਪਤਾਲ, 8 ਮਰੀਜ਼ ਸਿਵਲ ਤੇ 44 ਮਰੀਜ਼ ਹੋਰ ਹਸਪਤਾਲਾਂ ‘ਚ ਭਰਤੀ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ 90 ਇਲਾਕਿਆਂ ਨੂੰ ਹਾਈ ਰਿਸਕ ਲਿਸਟ ‘ਚ ਸ਼ਾਮਿਲ ਕੀਤਾ ਗਿਆ ਹੈ। ਇਹ ਉਹ ਇਲਾਕੇ ਨੇ ਜਿੱਥੇ ਪਿਛਲੇ ਸਾਲਾਂ ਦੌਰਾਨ ਡੇਗੂ ਦੇ ਮਰੀਜ਼ ਮਿਲਦੇ ਰਹੇ ਹਨ।