ludhiana Increased pollution strictness govt: ਲੁਧਿਆਣਾ (ਤਰਸੇਮ ਭਾਰਦਵਾਜ)-ਸੂਬੇ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਸਿਲਸਿਲਾ ਜਾਰੀ ਹੈ। ਹੁਣ ਇਹ ਘਟਨਾਵਾਂ ‘ਚ ਵਾਧਾ ਹੋਣ ਦੇ ਨਾਲ ਹੀ ਹਵਾ ‘ਚ ਪ੍ਰਦੂਸ਼ਣ ਦਾ ਪੱਧਰ ਵੀ ਵੱਧ ਗਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਮੰਗਲਵਾਰ ਨੂੰ ਲੁਧਿਆਣਾ ਦੀ ਏਅਰ ਕੁਆਲਟੀ ਇੰਡੈਕਸ ਵੈਲਿਊ 222 ਦਰਜ ਕੀਤੀ ਗਈ ਹੈ, ਜਿਹੜੀ ਸੋਮਵਾਰ ਨੂੰ 166 ਸੀ। ਦੂਜੇ ਪਾਸੇ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਪਰਾਲੀ ਸਾੜਣ ਦੀਆਂ ਘਟਨਾਵਾਂ ਨਹੀਂ ਰੁਕ ਰਹੀਆਂ ਹਨ।
ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਮੁਤਾਬਕ ਮੰਗਲਵਾਰ ਨੂੰ ਸੂਬੇ ‘ਚ ਪਰਾਲੀ ਸਾੜਣ ਦੇ 204 ਮਾਮਲੇ ਸਾਹਮਣੇ ਆਏ। ਸਭ ਤੋਂ ਵੱਧ 58 ਮਾਮਲੇ ਤਰਨਤਾਰਨ ‘ਚ ਤੇ ਅੰਮਿ੍ਤਸਰ ‘ਚ 43 ਮਾਮਲੇ ਸਾਹਮਣੇ ਆਏ। 21 ਸਤੰਬਰ ਤੋਂ ਲੈ ਕੇ 13 ਅਕਤੂਬਰ ਤਕ ਸੂਬੇ ‘ਚ 3113 ਥਾਵਾਂ ‘ਤੇ ਪਰਾਲੀ ਸਾੜਣ ਦੀਆਂ ਘਟਨਾਵਾਂ ਵਾਪਰੀਆਂ ਹਨ। 2018 ‘ਚ 21 ਸਤੰਬਰ ਤੋਂ 13 ਅਕਤੂਬਰ ਦੌਰਾਨ ਸੂਬੇ ‘ਚ 570 ਜਦਕਿ ਸਾਲ 2019 ਦੌਰਾਨ 872 ਮਾਮਲੇ ਸਾਹਮਣੇ ਆਏ ਸਨ।
ਦੱਸ ਦੇਈਏ ਕਿ ਝੋਨਾ ਪੰਜਾਬ ‘ਚ ਖਰੀਫ ਦੀ ਮੁੱਖ ਫਸਲ ਬਣ ਗਈ ਹੈ। ਪੰਜਾਬ ‘ਚ ਲਗਭਗ 30 ਲੱਖ ਹੈਕਟੇਅਰ ਤੋਂ ਵੀ ਜਿਆਦਾ ਰਕਬੇ ‘ਚ ਝੋਨੇ ਦੀ ਖੇਤੀ ਕੀਤੀ ਜਾ ਰਹੀ ਹੈ। ਝੋਨੇ ਦੀ ਪੈਦਾਵਰ ਨਾਲ ਪੰਜਾਬ ਦਾ ਕਿਸਾਨ ਦੇਸ਼ ਦੇ ਅਨਾਜ ਭੰਡਾਰ ‘ਚ ਤਾਂ ਵੱਡਾ ਯੋਗਦਾਨ ਦੇ ਰਿਹਾ ਹੈ ਪਰ ਇਸ ਦੇ ਨਾਲ ਪੈਦਾ ਹੋ ਰਹੀ ਪਰਾਲੀ ਵੱਡੀ ਮੁਸੀਬਤ ਬਣ ਚੁੱਕੇ ਹਨ। ਜਲੰਧਰ ‘ਚ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸੁਪਰ ਸਟ੍ਰਾ ਮੈਨੇਜਮੈਂਟ ਤੋਂ ਬਿਨਾਂ ਚੱਲ ਰਹੀਆਂ ਕੰਬਾਈਨਾਂ ਜ਼ਬਤ ਕਰ ਕੇ 50 ਹਜ਼ਾਰ ਰੁਪਏ ਜੁਰਮਾਨਾ ਲਾਇਆ ਸੀ। ਪਟਿਆਲਾ ‘ਚ 6 ਮਾਮਲਿਆਂ ‘ਚ ਕਾਰਵਾਈ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲ਼ੋਂ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਵੈਨ ਜੋ ਕਿ ਐਲ.ਈ.ਡੀ. ਸਕਰੀਨ ਨਾਲ ਲੈਸ ਹੈ।ਨਾਬਾਰਡ ਵੱਲੋਂ ਝੋਨੇ ਦੀ ਪਰਾਲੀ ਸਾੜਨ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ।