ludhiana marriaged teacher murder: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਇਕ ਹੋਰ ਔਰਤ ਦਾਜ ਦੀ ਬਲੀ ਚੜ੍ਹ ਗਈ ਹੈ। ਮਾਮਲਾ ਸ਼ਹਿਰ ਦੇ ਕੂਮਕਲਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਧੀ ਨੂੰ ਸਹੁਰਿਆਂ ਵੱਲੋਂ ਜ਼ਹਿਰੀਲਾ ਪਦਾਰਥ ਦੇ ਕੇ ਮੌਤ ਦੀ ਨੀਂਦ ਸੁਆਹ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਦਵਿੰਦਰ ਕੌਰ (29) ਦੇ ਰੂਪ ‘ਚ ਹੋਈ ਹੈ, ਜੋ ਕਿ ਸਰਕਾਰੀ ਅਧਿਆਪਕਾਂ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਮ੍ਰਿਤਕਾ ਆਪਣੇ ਪਿੱਛੇ 6 ਮਹੀਨੇ ਦੀ ਬੱਚੀ ਛੱਡ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ, ਜਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪਤੀ, ਸਹੁਰਾ, ਸੱਸ ਖਿਲਾਫ ਕਤਲ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕਾਂ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਫਰਵਰੀ 2019 ‘ਚ ਕੀਤਾ ਸੀ, ਜਦੋਂ ਰਿਸ਼ਤਾ ਤੈਅ ਹੋਇਆ ਸੀ ਤਾਂ ਲੜਕੇ ਵਾਲਿਆਂ ਨੇ ਦੱਸਿਆ ਕਿ ਨੌਜਵਾਨ ਅਤਿੰਦਰਪਾਲ ਸਿੰਘ ਅਕਾਊਟੈਂਟ ਦਾ ਕੰਮ ਕਰਦਾ ਹੈ ਪਰ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਅਤਿੰਦਰਪਾਲ ਕੋਈ ਕੰਮ ਨਹੀਂ ਕਰਦਾ ਹੈ। ਵਿਆਹ ਤੋਂ ਬਾਅਦ ਸਹੁਰਿਆਂ ਨੇ ਦਾਜ ਲਈ ਧੀ ਨੂੰ ਕਾਫੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਥੋੜੇ ਸਮੇਂ ਬਾਅਦ ਮ੍ਰਿਤਕਾਂ ਦਵਿੰਦਰ ਕੌਰ ਦੇ ਘਰ ‘ਚ ਇਕ ਧੀ ਨੇ ਜਨਮ ਲਿਆ ਪਰ ਫਿਰ ਸਹੁਰਿਆਂ ਨੇ ਉਸ ਨੂੰ ਪੁੱਤਰ ਨਾ ਹੋਣ ਦੇ ਵੀ ਤਾਅਨੇ ਦਿੱਤੇ ਜਾਣ ਲੱਗੇ।
ਮ੍ਰਿਤਕਾਂ ਦੀ ਮਾਂ ਨੇ ਇਹ ਵੀ ਗੱਲ ਦੱਸੀ ਕਿ ਮੰਗਲਵਾਰ ਨੂੰ ਉਨ੍ਹਾਂ ਦੀ ਧੀ ਪੇਕਿਆਂ ਤੋਂ ਸਹੁਰੇ ਘਰ ਗਈ ਸੀ ਅਤੇ ਬੁੱਧਵਾਰ ਨੂੰ ਸਵੇਰੇ ਆਪਣੀ ਡਿਊਟੀ ‘ਤੇ ਸਕੂਲ ਗਈ ਸੀ। ਜਦੋਂ ਛੁੱਟੀ ਹੋਈ ਤਾਂ ਮਾਂ ਨਾਲ ਮੋਬਾਇਲ ਫੋਨ ‘ਤੇ ਗੱਲ ਕੀਤੀ ਸੀ ਪਰ ਰਾਤ 11.30 ਵਜੇ ਦੋਸ਼ੀ ਪਤੀ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਜ਼ਹਿਰੀਲੀ ਚੀਜ਼ ਖਾ ਲਈ ਹੈ ਤੇ ਸੀ.ਐੱਮ.ਸੀ ਹਸਪਤਾਲ ‘ਚ ਭਰਤੀ ਹੈ। ਜਦੋਂ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚੇ ਤਾਂ ਕੁਝ ਸਮੇਂ ਬਾਅਦ ਦਵਿੰਦਰ ਕੌਰ ਨੇ ਦਮ ਤੋੜ ਦਿੱਤਾ। ਬਿਆਨਾਂ ਦੇ ਆਧਾਰ ‘ਤੇ ਥਾਣਾ ਡੀਵੀਜ਼ਨ ਨੰਬਰ 7 ਦੀ ਪੁਲਿਸ ਨੇ ਦੋਸ਼ੀ ਅਤਿੰਦਰਪਾਲ ਸਿੰਘ, ਸਹੁਰਾ ਤੇ ਸੱਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਕਿਸੇ ਦੋਸ਼ੀ ਦੀ ਗ੍ਰਿਫਤਾਰ ਨਹੀਂ ਹੋਈ ਹੈ। ਇਸ ਗੱਲ ਨੂੰ ਲੈ ਕੇ ਸਿਵਲ ਹਸਪਤਾਲ ਦੇ ਬਾਹਰ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।