ludhiana monsoon rain alert: ਲੁਧਿਆਣਾ (ਤਰਸੇਮ ਭਾਰਦਵਾਜ)- ਭਾਵੇ ਸੂਬੇ ਭਰ ‘ਚ ਮਾਨਸੂਨ ਦੇ ਕੁਝ ਦਿਨ ਬਾਕੀ ਰਹਿ ਗਏ ਹਨ ਕਿਉਂਕਿ ਮਾਨਸੂਨ ਦੀ ਵਿਦਾਇਗੀ ਦੀ ਤਾਰੀਕ 20 ਸਤੰਬਰ ਹੈ ਪਰ ਇਸ ਦੌਰਾਨ ਵੀ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਵਾਰ ਸਤੰਬਰ ਮਹੀਨੇ ਦੌਰਾਨ ਮਾਨਸੂਨ ਦੀ ਚੰਗੀ ਬਾਰਿਸ਼ ਨਹੀਂ ਹੋ ਸਕੀ ਹੈ। ਸਤੰਬਰ ਮਹੀਨੇ ਦੀ 13 ਤਾਰੀਕ ਦੀ ਸਵੇਰਸਾਰ ਤੱਕ 21.8 ਐੱਮ.ਐੱਮ. ਬਾਰਿਸ਼ ਰਿਕਾਰਡ ਹੋਈ ਜਦਕਿ 48.2 ਐੱਮ.ਐੱਮ. ਹੋਣੀ ਚਾਹੀਦੀ ਹੈ। ਉੱਥੇ ਹੀ ਓਵਰਆਲ 1 ਜੂਨ ਤੋਂ 13 ਸਤੰਬਰ ਤੱਕ 387 ਐੱਮ.ਐੱਮ. ਬਾਰਿਸ਼ ਹੋਈ ਹੈ ਜਦਕਿ 43.8 ਹੋਣੀ ਚਾਹੀਦੀ ਸੀ। ਇਸ ਦਾ ਮਤਲਬ ਸਾਧਾਰਨ ਤੋਂ 11 ਫੀਸਦੀ ਬਾਰਿਸ਼ ਘੱਟ ਹੋਈ ਹੈ। ਸੂਬੇ ਭਰ ‘ਚ 491 ਐਮ.ਐੱਮ. ਬਾਰਿਸ਼ ਹੋਈ ਹੈ। ਦੱਸ ਦੇਈਏ ਕਿ 15-16 ਸਤੰਬਰ ਨੂੰ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਨਾਲ ਮੌਸਮ ‘ਚ ਕੁਝ ਬਦਲਾਅ ਆ ਸਕਦਾ ਹੈ।
ਦੱਸਣਯੋਗ ਹੈ ਕਿ ਸੂਬੇ ਭਰ ਦੇ 8 ਜ਼ਿਲ੍ਹਿਆਂ ‘ਚ ਘੱਟ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ‘ਚੋਂ ਤਰਨਤਾਰਨ, ਮਾਨਸਾ , ਅੰਮ੍ਰਿਤਸਰ, ਨਵਾਂਸ਼ਹਿਰ, ਮੋਗਾ, ਹੁਸ਼ਿਆਰਪੁਰ ਅਤੇ ਲੁਧਿਆਣਾ ਸ਼ਾਮਿਲ ਹਨ, ਜਿੱਥੇ ਬਾਰਿਸ਼ ਘੱਟ ਹੋਈ ਹੈ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ‘ਚ 50 ਫੀਸਦੀ ਬਾਰਿਸ਼ ਹੋਈ ਜਦਕਿ ਫਰੀਦਕੋਟ ‘ਚ 90 ਫੀਸਦੀ ਬਾਰਿਸ਼ ਰਿਕਾਰਡ ਹੋਈ ਹੈ। 4 ਜ਼ਿਲ੍ਹਿਆਂ ‘ਚ ਵੱਧ ਬਾਰਿਸ਼ ਹੋਈ, ਜਿਨ੍ਹਾਂ ‘ਚ ਬਰਨਾਲਾ, ਮੁਕਤਸਰ, ਫਰੀਦਕੋਟ ਅਤੇ ਸੰਗਰੂਰ ਜ਼ਿਲ੍ਹੇ ਸ਼ਾਮਿਲ ਹਨ। ਇਸ ਤੋਂ ਇਲਾਵਾ ਗੁਰਦਾਸਪੁਰ, ਫਿਰੋਜ਼ਪੁਰ, ਐੱਸ.ਏ.ਐੱਸ ਨਗਰ, ਬਠਿੰਡਾ, ਰੋਪੜ, ਪਟਿਆਲਾ, ਕਪੂਰਥਲਾ, ਫਤਿਹਗੜ੍ਹ ਸਾਹਿਬ ਆਦਿ ਸੂਬੇ ਦੇ 8 ਜ਼ਿਲ੍ਹਿਆਂ ‘ਚ ਸਾਧਾਰਨ ਬਾਰਿਸ਼ ਹੋਈ।