ludhiana night curfew guidelines: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਪਾਜ਼ੀਟਿਵ ਮਾਮਲਿਆਂ ‘ਚ ਲਗਾਤਾਰ ਹੋ ਰਿਹਾ ਵਾਧਾ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਅੱਜ ਰਾਤ ਤੋਂ ਫਿਰ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਵੀ ਅੱਜ ਭਾਵ 1 ਦਸੰਬਰ ਤੋਂ ਗੈਰ ਜ਼ਰੂਰੀ ਗਤੀਵਿਧੀਆਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਅੱਜ ਤੋਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਰਹੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਖਤੀ ਨਾਲ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਹੁਕਮ 1 ਦਸੰਬਰ 2020 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਅੱਜ ਰਾਤ ਤੋਂ 10 ਵਜੇ ਤੋਂ ਸਵੇਰੇ 5 ਵਜੇ ਤੱਕ ਜ਼ਿਲ੍ਹਾਂ ਲੁਧਿਆਣਾ ‘ਚ ਕੋਰੋਨਾਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਗੈਰ ਜ਼ਰੂਰੀ ਗਤੀਵਿਧੀਆਂ ‘ਤੇ ਰੋਕ ਲਾ ਦਿੱਤੀ ਗਈ ਹੈ। ਸ਼ਿਫਟਾਂ ‘ਚ ਚੱਲ ਰਹੇ ਕੰਮਕਾਜ਼, ਸਰਕਾਰੀ, ਨਿਜੀ ਸੰਸਥਾਵਾਂ, ਰਾਸ਼ਟਰੀ ਅਤੇ ਸੂਬਾ ਰਾਜਮਾਰਗ ‘ਤੇ ਵਿਅਕਤੀਆਂ ਦੀ ਆਵਾਜਾਈ, ਟਰਾਂਸਪੋਰਟ ਵਾਹਨ, ਬੱਸਾਂ, ਟ੍ਰੇਨਾਂ ਅਤੇ ਜਹਾਜ਼ਾਂ ਤੋਂ ਮਾਲ ਦਾ ਉਤਾਰਨਾ, ਉੱਥੇ ਕੰਮ ਕਰਨ ਵਾਲੇ ਸਟਾਫ, ਯਾਤਰੀਆਂ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਬਿਨਾ ਮਾਸਕ ਦੇ ਲੋਕਾਂ ਨੂੰ 1000 ਰੁਪਏ ਤੱਕ ਜ਼ੁਰਮਾਨਾ ਹੋਵੇਗਾ। ਇਸ ਦੇ ਨਾਲ ਜਨਤਕ ਥਾਵਾਂ ਤੇ ਥੁੱਕਣ ਦੀ ਵੀ ਮਨਾਹੀ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ 22,824 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 21037 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ ਹੁਣ ਤੱਕ 908 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 879 ਸਰਗਰਮ ਮਾਮਲੇ ਹਨ। ਇਨ੍ਹਾਂ ਸਰਗਰਮ ਮਾਮਲਿਆਂ ‘ਚੋਂ 673 ਹੋਮ ਆਈਸੋਲੇਸ਼ਨ ‘ਚ ਹਨ ਜਦਕਿ 18 ਸਰਕਾਰੀ ਅਤੇ 99 ਮਰੀਜ਼ ਪ੍ਰਾਈਵੇਟ ਹਸਪਤਾਲਾਂ ‘ਚ ਭਰਤੀ ਹਨ। ਹੁਣ 8 ਮਰੀਜ਼ ਵੈਂਟੀਲੇਟਰ ‘ਤੇ ਹਨ ਜਿਨ੍ਹਾਂ ‘ਚ ਲੁਧਿਆਣਾ ਦੇ 2 ਮਰੀਜ਼ ਹਨ।
ਇਹ ਵੀ ਦੇਖੋ–