ludhiana night sweeping start again: ਲੁਧਿਆਣਾ (ਤਰਸੇਮ ਭਾਰਦਵਾਜ)-ਨਾਈਟ ਸਵੀਪਿੰਗ ਸਿਸਟਮ ਨੂੰ ਅਸਫਲ ਕਰਾਰ ਦੇਣ ਤੋਂ ਬਾਅਦ ਨਗਰ ਨਿਗਮ ਨੇ ਮੈਕੇਨੀਕਲ ਸਵੀਪਿੰਗ ਬੰਦ ਕਰ ਦਿੱਤਾ ਹੈ ਪਰ ਨਿਗਮ ਵੱਲੋਂ ਫਿਰ ਤੋਂ ਇਸ ਨੂੰ ਸ਼ੁਰੂ ਕਰਵਾਉਣ ਦੀ ਤਿਆਰੀ ‘ਚ ਜੁੱਟ ਗਿਆ ਹੈ। ਜਾਣਕਾਰੀ ਮੁਤਾਬਕ ਹੁਣ ਜਲਦੀ ਹੀ ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮਸ਼ੀਨਾਂ ਨਾਲ ਮੁੜ ਸਫ਼ਾਈ ਸ਼ੁਰੂ ਕਰਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਮੋਹਾਲੀ ਵਿਖੇ ਨਿੱਜੀ ਕੰਪਨੀ ਵਲੋਂ ਮਸ਼ੀਨਾਂ ਨਾਲ ਅਤੇ ਸਫਾਈ ਕਰਮਚਾਰੀਆਂ ਰਾਹੀਂ ਕੀਤੇ ਜਾ ਰਹੇ ਸਫਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਨਗਰ ਨਿਗਮ ਲੁਧਿਆਣਾ ਦੀ 5 ਮੈਂਬਰੀ ਟੀਮ 19 ਅਕਤੂਬਰ ਸੋਮਵਾਰ (ਅੱਜ) ਨੂੰ ਮੋਹਾਲੀ ਜਾਵੇਗੀ।
ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਦੱਸਿਆ ਕਿ ਸ਼ਹਿਰ ਵਿਚ ਰਾਤ ਕਾਫੀ ਦੇਰ ਤੱਕ ਟਰੈਫਿਕ ਹੋਣ ਕਾਰਨ ਸਫਾਈ ਕਰਮਚਾਰੀਆਂ ਵਲੋਂ ਮੁੱਖ ਸੜਕਾਂ ਦੀ ਸਫਾਈ ਕਰਨੀ ਆਸਾਨ ਕੰਮ ਨਹੀਂ ਹੈ, ਇਸ ਲਈ ਮਸ਼ੀਨਾਂ ਨਾਲ ਸਫਾਈ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿੱਜੀ ਕੰਪਨੀ ਵਲੋਂ ਮੋਹਾਲੀ ਵਿਚ ਮਸ਼ੀਨਾਂ ਨਾਲ ਅਤੇ ਮੈਨੂਅਲ ਤਰੀਕੇ ਨਾਲ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਦੀ ਕਾਰਗੁਜ਼ਾਰੀ ਅਤੇ ਤਕਨੀਕ ਜਾਨਣ ਲਈ 5 ਮੈਂਬਰੀ ਕਮੇਟੀ ਸੋਮਵਾਰ ਨੂੰ ਮੋਹਾਲੀ ਭੇਜੀ ਜਾ ਰਹੀ ਹੈ।5 ਮੈਂਬਰੀ ਟੀਮ ‘ਚ ਨਿਗਰਾਨ ਇੰਜੀਨੀਅਰ ਰਾਹੁਲ ਗਗਨੇਜਾ, ਨੋਡਲ ਅਫਸਰ ਅਸ਼ਵਨੀ ਸਹੋਤਾ, ਸਿਹਤ ਅਧਿਕਾਰੀ ਡਾਕਟਰ ਵਿਪੁਲ ਮਲਹੋਤਰਾ, ਜ਼ੋਨਲ ਕਮਿਸ਼ਨਰ ਨੀਰਜ ਜੈਨ ਅਤੇ ਐਚ. ਐਸ. ਔਜਲਾ ਸ਼ਾਮਿਲ ਹਨ।