ludhiana non essential goods shops: ਲੁਧਿਆਣਾ (ਤਰਸੇਮ ਭਾਰਦਵਾਜ)- ਸੂਬੇ ਭਰ ‘ਚ ਕੋਰੋਨਾ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਸਖਤ ਕਦਮ ਚੁੱਕੇ ਹਨ। ਹੁਣ ਸੂਬੇ ਭਰ ‘ਚ ਨਾਈਟ ਕਰਫਿਊ ਦਾ ਸਮਾਂ ਵਧਾ ਕੇ ਸ਼ਾਮ 7 ਤੋਂ ਸਵੇਰ 5 ਵਜੇ ਤੱਕ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੋਰ ਨਵੇਂ ਦਿਸ਼ਾ-ਨਿਰਦੇਸ਼ ਲਾਗੂ ਕਰਕੇ ਸਖਤੀ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਹੁਣ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਨਵੇਂ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਹੁਣ ਨਗਰ ਨਿਗਮ ਸੀਮਾ ਦੇ ਅੰਦਰ ਦੀਆਂ ਸਾਰੀਆਂ ਦੁਕਾਨਾਂ ਓਡ-ਈਵਨ ਫਾਰਮੂਲੇ ਦੇ ਹਿਸਾਬ ਨਾਲ ਹੀ ਖੁੱਲਣਗੀਆਂ, ਜਿਸ ਦਾ ਮਤਲਬ 24 ਅਗਸਤ ਨੂ ਈਵਨ ਨੰਬਰ ਦੀਆਂ ਦੁਕਾਨਾ ਅਤੇ 25 ਅਗਸਤ ਨੂੰ ਓਡ ਨੰਬਰ ਦੀਆਂ ਦੁਕਾਨਾਂ ਖੋਲੀਆਂ ਜਾ ਸਕਦੀਆਂ ਹਨ।ਇਸ ਤਰ੍ਹਾਂ ਸ਼ਹਿਰ ਦੀਆਂ 50 ਫੀਸਦੀ ਦੁਕਾਨਾਂ ਹੀ ਖੋਲਣ ਦੀ ਇਜ਼ਾਜਤ ਹੋਵੇਗੀ ਹਾਲਾਂਕਿ ਇਹ ਫਾਰਮੂਲਾ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ ‘ਤੇ ਲਾਗੂ ਨਹੀਂ ਹੋਵੇਗੀ।
ਡੀ.ਸੀ. ਨੇ ਦੱਸਿਆ ਹੈ ਕਿ ਇਸ ਫਾਰਮੂਲੇ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਨਗਰ ਨਿਗਮ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਦੀ ਹੋਵੇਗੀ। ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਹਰ ਰੋਜ਼ ਖੋਲ੍ਹੀਆਂ ਜਾ ਸਕਦੀਆਂ ਹਨ ਪਰ ਇਨ੍ਹਾਂ ਨੂੰ ਸਾਢੇ 6 ਵਜੇ ਤੱਕ ਬੰਦ ਕਰਨਾ ਹੋਵੇਗਾ ਤਾਂਕਿ ਉਥੇ ਕੰਮ ਕਰਨ ਵਾਲੇ ਕਰਮਚਾਰੀ ਦੇਰ ਸ਼ਾਮ 7 ਵਜੇ ਲਾਗੂ ਹੋਣ ਵਾਲੇ ਨਾਈਟ ਕਰਫਿਊ ਤੋਂ ਪਹਿਲਾਂ ਆਪਣੇ ਘਰ ਪਹੁੰਚ ਜਾਣ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਲੁਧਿਆਣਾ ਪੁਲਿਸ ਦੇ ਫੇਸਬੁੱਕ ਪੇਜ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਕੋਰੋਨਾ ਦੇ ਵੱਧਦੇ ਇਨਫੈਕਸ਼ਨ ਨੂੰ ਲੈ ਕੇ ਸਰਕਾਰ ਵੱਲੋਂ ਕਰਫਿਊ ਲਾਗੂ ਕੀਤਾ ਗਿਆ ਹੈ। ਸਾਰੇ ਵਪਾਰੀ ਦੁਕਾਨਾਂ ਅਤੇ ਸ਼ੋਰੂਮ ਸਾਢੇ 6 ਵਜੇ ਤੱਕ ਬੰਦ ਕਰ ਕੇ ਘਰਾਂ ਨੂੰ ਚਲੇ ਜਾਣ। ਜੇਕਰ ਇਨ੍ਹਾਂ ਨਿਯਮਾਂ ਪ੍ਰਤੀ ਅਣਗਹਿਲੀ ਵਰਤੀ ਤਾਂ ਪ੍ਰਸ਼ਾਸਨ ਨੂੰ ਸਖਤੀ ਅਪਣਾਉਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਮਾਲਜ਼, ਰੈਸਟੋਰੈਂਟ, ਧਾਰਮਿਕ ਸਥਾਨ, ਸ਼ਰਾਬ ਦੇ ਠੇਕੇ ਬੰਦ ਕਰਵਾ ਦਿੱਤੇ ਗਏ। ਸਿਰਫ ਰਿਹਾਇਸ਼ੀ ਹੋਟਲਾਂ ਨੂੰ ਢਿੱਲ ਦਿੱਤੀ ਗਈ ਹੈ।