ludhiana powercom recovered fine: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਬਿਜਲੀ ਚੋਰੀ ਦੇ ਮਾਮਲਿਆਂ ‘ਤੇ ਲਗਾਮ ਕੱਸਣ ਲਈ ਪਾਵਰਕਾਮ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਮੱਦੇਨਜ਼ਰ ਹੁਣ ਲੁਧਿਆਣਾ ਸੈਂਟਰਲ ਜ਼ੋਨ ਨੇ ਪੀ.ਐੱਸ.ਪੀ.ਸੀ.ਐੱਲ (PSPCL) ਵੱਲੋਂ ਸ਼ੁਰੂ ਕੀਤੀ ਗਈ ‘ਜ਼ੀਰੋ ਟਾਲਰੈਂਸ ਡ੍ਰਾਇਵ’ ਦੌਰਾਨ ਪਿਛਲੇ 15 ਦਿਨਾਂ ਦੌਰਾਨ ਚੈਕਿੰਗ ਮੁਹਿੰਮ ਚਲਾ ਰਿਹਾ ਹੈ। ਵੱਖ-ਵੱਖ ਅਧਿਕਾਰੀਆਂ ਦੀ ਅਗਵਾਈ ‘ਚ ਬਣਾਈਆਂ ਗਈਆਂ ਟੀਮਾਂ ਨੇ ਇਸ ਦੌਰਾਨ ਲਗਭਗ 11977 ਕੁਨੈਕਸ਼ਨਾਂ ਦੀ ਜਾਂਚ ਕੀਤੀ, ਜਿਨ੍ਹਾਂ ‘ਚ ਚੋਰੀ ਅਤੇ ਗੈਰ-ਕਾਨੂੰਨੀ ਢੰਗ ਨਾਲ ਬਿਜਲੀ ਵਰਤੋਂ ਕਰਨ ਦੇ ਕੁੱਲ 650 ਕੇਸਾਂ ਫੜੇ ਗਏ। ਉਨ੍ਹਾਂ ਲੋਕਾਂ ਤੋਂ ਵਿਭਾਗ ਨੇ 120.28 ਲੱਖ ਰੁਪਏ ਜ਼ੁਰਮਾਨਾ ਵਸੂਲ ਕੀਤਾ ਹੈ।
ਦੱਸ ਦੇਈਏ ਕਿ ਪੀ.ਐੱਸ.ਪੀ.ਸੀ.ਐੱਲ ਦੇ ਸੀ.ਐੱਮ.ਡੀ ਏ. ਵੇਣੂ ਪ੍ਰਸਾਦ ਦੇ ਆਦੇਸ਼ ‘ਤੇ 17 ਅਗਸਤ ਤੋ ਇਸ ਡਰਾਈਵ ਨੂੰ ਸ਼ੁਰੂ ਕੀਤਾ ਗਿਆ, ਜਿਸ ਦੀ ਅਗਵਾਈ ਡਾਇਰੈਕਟਰ ਡ੍ਰਿਸਟਰੀਬਿਊਸ਼ਨ ਡੀ.ਪੀ.ਐੱਸ ਗਰੇਵਾਲ ਨੇ ਕੀਤੀ।
ਚੀਫ ਇੰਜੀਨੀਅਰ ਵਰਿੰਦਰਪਾਲ ਸਿੰਘ ਸੈਨੀ ਨੇ ਦੱਸਿਆ ਹੈ ਕਿ ਫੜ੍ਹੇ ਗਏ 650 ਕੇਸਾਂ ‘ਚੋਂ 331 ਚੋਰੀ ਦੇ ਮਾਮਲੇ, 33 ਕੇਸ ਅਣਅਧਿਕਾਰਤ ਵਰਤੋਂ ਅਤੇ 286 ਕੇਸ ਜਿਆਦਾ ਲੋਡ ਦੇ ਪਾਏ ਗਏ। ਇਨ੍ਹਾਂ ‘ਚ ਕ੍ਰਮਵਾਰ 98.69 ਲੱਖ, 4.31 ਲੱਖ ਅਤੇ 17.27 ਲੱਖ ਰੁਪਏ ਜ਼ੁਰਮਾਨਾ ਠੋਕਿਆ ਗਿਆ। ਲੁਧਿਆਣਾ ਨੂੰ 4 ਸਰਕਲ ਈਸਟ, ਵੈਸਟ, ਸਬ ਅਰਬਨ ਅਤੇ ਖੰਨਾ ‘ਚ ਵੰਡਿਆ ਗਿਆ ਹੈ। ਈਸਟ ਸਰਕਲ ‘ਚ 2293,ਵੈਸਟ ਸਰਕਲ ‘ਚ 1862, ਸਬ ਅਰਬਨ ‘ਚ 4664 ਅਤੇ ਖੰਨਾ ‘ਚ 3158 ਕੁਨੈਕਸ਼ਨ ਚੈਕ ਕੀਤੇ ਗਏ। ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਐੱਫ.ਆਈ.ਆਰ ਵੀ ਦਰਜ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸ਼ਹਿਰਵਾਸੀਆਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਕਾਰਵਾਈ ਕਰਨਾ ਜ਼ਰੂਰੀ ਹੈ। ਭਵਿੱਖ ‘ਚ ਵੀ ਚੈਕਿੰਗ ਦਾ ਕੰਮ ਇੰਝ ਹੀ ਚੱਲਦਾ ਰਹੇਗਾ। ਬਿਜਲੀ ਚੋਰੀ ਦੀਆਂ ਸ਼ਿਕਾਇਤ ਦੇਣ ਲਈ 1912 ਨੰਬਰ ‘ਤੇ ਫੋਨ ਕੀਤਾ ਜਾ ਸਕਦਾ ਹੈ।