ludhiana prisoners e-purse scheme: ਲੁਧਿਆਣਾ ਸੈਂਟਰਲ ਅਤੇ ਬਰਸਟਲ ਜੇਲ੍ਹਾਂ ‘ਚ ਬੰਦ ਕੈਦੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਗਲਤ ਕੰਮਾਂ ‘ਤੇ ਰੋਕ ਲਾਉਣ ਲਈ ਜੇਲ ਅਧਿਕਾਰੀਆਂ ਵੱਲੋਂ ਅਹਿਮ ਕਦਮ ਚੁੱਕਿਆ ਗਿਆ ਹੈ। ਜਾਣਕਾਰੀ ਮੁਤਾਹਕ ਹੁਣ ਇੱਥੇ ਜੇਲ੍ਹਾਂ ‘ਚ ਬੰਦ ਕੈਦੀਆਂ ਲਈ ਈ-ਪਰਸ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਤੋਂ ਜੇਲ ‘ਚ ਨਸ਼ਾ ਰੋਕਣ, ਮੋਬਾਇਲ ਅਤੇ ਹੋਰ ਅਪੱਤੀਜਨਕ ਸਮਾਨ ਦੀ ਉਪਲੱਬਧਤਾ ਨੂੰ ਰੋਕਣ ‘ਚ ਮਦਦ ਮਿਲੇਗੀ। ਇਹ ਸਹੂਲਤ ਪੰਜਾਬ ਜੇਲ ਵਿਭਾਗ ਨੇ ਜੁਲਾਈ ਮਹੀਨੇ ਦੇ ਅੰਤ ‘ਚ ਸ਼ੁਰੂ ਕੀਤੀ ਸੀ। ਇਸ ਦੇ ਤਹਿਤ ਜੇਲ ‘ਚ ਬੰਦ ਕੈਦੀਆਂ ਦੇ ਪਰਿਵਾਰ ਉਨ੍ਹਾਂ ਨੂੰ ਆਨਲਾਈਨ ਪੈਸਾ ਭੇਜ ਸਕਦੇ ਹਨ। ਇਸ ਯੋਜਨਾ ‘ਚ ਹਰ ਕੈਦੀ ਨੂੰ ਸਮਾਰਟ ਕਾਰਡ ਅਤੇ ਉਸ ਦਾ ਪਿੰਨ ਨੰਬਰ ਦਿੱਤਾ ਜਾਂਦਾ ਹੈ। ਉਸ ਪਿੰਨ ਦੀ ਵਰਤੋਂ ਕਰਕੇ ਕੈਦੀਆਂ ਦੇ ਘਰ ਵਾਲੇ ਉਨ੍ਹਾਂ ਨੂੰ ਪੈਸਾ ਟਰਾਂਸਫਰ ਕਰ ਸਕਦੇ ਹਨ। ਇਨ੍ਹਾਂ ਪੈਸਿਆਂ ਦੀ ਵਰਤੋਂ ਕੈਦੀ ਟੈਲੀਫੋਨ ਕਾਲ ਕਰਨ ਅਤੇ ਕੰਟੀਨ ਤੋਂ ਸਾਮਾਨ ਖਰੀਦਣ ਦੇ ਲਈ ਕਰ ਸਕਦੇ ਹਨ। ਗਲੋਬਲੀ ਮਹਾਮਾਰੀ ਦੇ ਮੱਦੇਨਜ਼ਰ ਕੈਦੀਆਂ ਦੇ ਪਰਿਵਾਰਿਕ ਮੈਂਬਰ ਨੂੰ ਸੁਰੱਖਿਅਤ ਰੱਖਣ ਲਈ ਕੈਸ਼ਲੈੱਸ ਪ੍ਰਣਾਲੀ ਨੂੰ ਸ਼ੁਰੂ ਕੀਤਾ ਗਿਆ। ਇਸ ਦੇ ਰਾਹੀਂ ਜੇਲ ਅਧਿਕਾਰੀਆਂ ਦੀ ਨਜ਼ਰ ਕੈਦੀਆਂ ਨੂੰ ਮਿਲਣ ਵਾਲੇ ਪੈਸੇ ‘ਤੇ ਵੀ ਰਹੇਗੀ।
ਇਸ ਸਬੰਧੀ ਲੁਧਿਆਣਾ ਸੈਂਟਰਲ ਜੇਲ ਦੇ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਦੱਸਿਆ ਹੈ ਕਿ ਜੇਲ ‘ਚ ਆਉਣ ਵਾਲੇ ਹਰ ਕੈਦੀ ਤੋਂ 10 ਲੋਕਾਂ ਦੀ ਲਿਸਟ ਲਈ ਜਾਂਦੀ ਹੈ। ਸੂਚੀ ਵਾਲੇ ਲੋਕ ਹੀ ਉਸ ਨਾਲ ਮਿਲ ਸਕਦੇ ਹਨ ਅਤੇ ਉਨ੍ਹਾਂ ਨੂੰ ਕਾਲ ਕਰ ਸਕਦੇ ਹਨ। ਜੇਲ ‘ਚ ਸ਼ੁਰੂ ਹੋਈ ਈ-ਪਰਸ ਯੋਜਨਾ ਤਹਿਤ ਕੈਦੀਆਂ ਨੂੰ ਸੂਚੀ ‘ਚ ਸ਼ਾਮਲ ਲੋਕ ਹੀ ਪੈਸੇ ਟਰਾਂਸਫਰ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਹਰ ਹਫਤੇ ਵੱਧ ਤੋਂ ਵੱਧ ਢਾਈ ਹਜ਼ਾਰ ਰੁਪਏ ਹੀ ਟਰਾਂਸਫਰ ਕਰ ਸਕਦੇ ਹਨ। ਇਸ ਦੇ ਲਈ ਕੈਦੀਆਂ ਦੇ ਘਰਵਾਲਿਆਂ ਨੂੰ ਜੇਲ ਦੀ ਵੈੱਬਸਾਈਟ ‘ਤੇ ਜਾਣਾ ਹੋਵੇਗਾ। ਕੈਦੀ ਨੂੰ ਜ਼ਮਾਨਤ ਮਿਲਣ ‘ਤੇ ਜੇਲ ਪ੍ਰਬੰਧਨ ਉਸ ਦੇ ਅਕਾਊਂਟ ‘ਚ ਬਚੀ ਹੋਈ ਰਾਸ਼ੀ ਦਾ ਚੈੱਕ ਬਣਾ ਕੇ ਉਨ੍ਹਾਂ ਨੂੰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਲੁਧਿਆਣਾ ਬ੍ਰੋਸਟਲ ਜੇਲ ਸੁਪਰਡੈਂਟ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਹੁਣ ਕੈਦੀਆਂ ਦੇ ਕੋਲ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੁਆਰਾ ਭੇਜਿਆ ਗਿਆ ਅਸਲੀ ਪੈਸਾ ਹੀ ਹੋਵੇਗਾ। ਉਨ੍ਹਾਂ ਦੇ ਕੋਲ ਸਮਾਰਟ ਕਾਰਡ ਹੋਵੇਗਾ, ਜਿਸ ਨੂੰ ਸਵਾਈਪ ਕਰਕੇ ਉਹ ਜੇਲ ਕੰਟੀਨ ਤੋਂ ਸਾਮਾਨ ਖਰੀਦ ਸਕਦੇ ਹਨ। ਹੁਣ ਇਸ ਮਾਧਿਅਮ ਰਾਹੀਂ ਪ੍ਰਤੀਬੰਧਿਤ ਸਾਮਾਨ ਤਾਂ ਖਰੀਦਿਆਂ ਨਹੀਂ ਜਾ ਸਕਦਾ ਹੈ। ਇਹ ਇਕ ਪ੍ਰਭਾਵੀ ਸਿਸਟਮ ਹੈ, ਜਿਸ ਦਾ ਆਉਣ ਵਾਲੇ ਦਿਨ੍ਹਾਂ ਦੌਰਾਨ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੇਲ ‘ਚ ਲੈਣ-ਦੇਣ ਲਈ ਕੂਪਨ ਸਿਸਟਮ ਚੱਲਦਾ ਸੀ। ਕੈਦੀਆਂ ਨੂੰ ਕਰੰਸੀ ਦੇ ਬਦਲੇ ‘ਚ ਕੂਪਨ ਦਿੱਤਾ ਜਾਂਦਾ ਸੀ। ਇਸ ਤੋਂ ਉਹ ਕੰਟੀਨ ਤੋਂ ਸਾਮਾਨ ਖਰੀਦਣ ਤੋਂ ਇਲਾਵਾ ਫੋਨ ਕਾਲ ਕਰ ਸਕਦੇ ਸੀ। ਜੇਕਰ ਜੇਲ ‘ਚ ਬੰਦ ਬਦਨਾਮ ਤਸਕਰ ਨੇ ਉਨ੍ਹਾਂ ਕੂਪਨਾਂ ਨੂੰ ਵੀ ਕਾਰੋਬਾਰ ਦਾ ਸਾਧਨ ਬਣਾਇਆ ਹੋਇਆ ਸੀ। ਉਹ ਕੂਪਨਾਂ ‘ਤੇ ਹੀ ਨਸ਼ਾ ਵੇਚਣ ਲੱਗੇ। ਇਸ ਦੇ ਚੱਲਦਿਆਂ ਜੇਲ ‘ਚ ਤਸਕਰੀ ‘ਤੇ ਲਗਾਮ ਲਗਾਉਣਾ ਮੁਸ਼ਕਿਲ ਸਾਬਿਤ ਹੋ ਰਿਹਾ ਸੀ। ਇਸ ਨੂੰ ਦੇਖਦੇ ਹੋਏ ਇਹ ਯੋਜਨਾ ਬਣਾਈ ਗਈ।