ludhiana records passport check: ਲੁਧਿਆਣਾ (ਤਰਸੇਮ ਭਾਰਦਵਾਜ)- ਅੱਧੇ-ਅਧੂਰੇ ਅਤੇ ਫਰਜ਼ੀ ਦਸਤਾਵੇਜਾਂ ‘ਤੇ ਪਾਸਪੋਰਟ ਬਣਾਉਣ ਵਾਲਿਆਂ ਦੀ ਸ਼ਿਕਾਇਤ ਮਿਲਣ ‘ਤੇ ਸੀ.ਪੀ ਨੇ ਸਾਰੇ ਥਾਣਿਆਂ ਨੂੰ ਆਪਣੇ ਇਲਾਕਿਆਂ ‘ਚ ਆਉਂਦੇ ਪਾਸਪੋਰਟ ਬਣਾਉਣ ਵਾਲਿਆਂ ਦੀ ਪੂਰੀ ਜਾਣਕਾਰੀ ਜੁਟਾਉਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਪਾਸਪੋਰਟ ਦੇ ਹੀ ਮਾਮਲਿਆਂ ‘ਚ ਜੇਲ ਤੋਂ ਬਾਹਰ ਆਏ ਅਪਰਾਧੀਆਂ ‘ਤੇ ਨਜ਼ਰ ਰੱਖਣ ਦੀ ਸਖਤ ਹਦਾਇਤ ਦਿੱਤੀ ਗਈ ਹੈ। ਇਸ ‘ਤੇ ਪੁਲਿਸ ਨੇ ਤਿਆਰੀ ਕਰ ਲਈ ਹੈ। ਸੋਮਵਾਰ ਤੋਂ ਇਨ੍ਹਾਂ ਦੇ ਦਸਤਾਵੇਜਾਂ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।
ਜਾਣਕਾਰੀ ਮੁਤਾਬਕ ਕਿਸੇ ਸ਼ਖਸ ਨੇ ਅਫਸਰਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਪਾਸਪੋਰਟ ਦਫਤਰ ਦੇ ਕੋਲ ਅਤੇ ਸ਼ਹਿਰ ਦੇ ਕਈ ਇਲ਼ਾਕਿਆਂ ‘ਚ ਪਾਸਪੋਰਟ ਬਣਾਉਣ ਦਾ ਗੋਰਖਧੰਦਾ ਚੱਲ ਰਿਹਾ ਹੈ। ਇਸ ‘ਚ ਫਰਜੀ ਦਸਤਾਵੇਜ਼ਾਂ ਦੇ ਆਧਾਰ ‘ਤੇ ਪਾਸਪੋਰਟ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ। ਫਿਰ 30 ਤੋਂ 35 ਹਜ਼ਾਰ ਰੁਪਏ ਲਏ ਜਾ ਰਹੇ ਹਨ। ਇਸ ‘ਚ ਕੁਝ ਪਾਸਪੋਰਟ ਬਣਦੇ ਹਨ। ਕਈ ਮਾਮਲਿਆਂ ‘ਚ ਤਾਂ ਏਜੰਟ ਪੈਸੇ ਲਏ ਕੇ ਫਰਾਰ ਹੋ ਜਾਂਦੇ ਹਨ। ਇਹ ਧੰਦਾ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਦੀ ਜਾਂਚ ਪੜਤਾਲ ਲਈ ਜੁਆਇੰਟ ਪੁਲਿਸ ਕਮਿਸ਼ਨਰ ਭਾਗੀਰਥ ਮੀਨਾ ਨੂੰ ਕਮਾਨ ਸੌਂਪੀ ਗਈ ਹੈ। ਇਸ ਦੇ ਤਹਿਤ ਸ਼ਹਿਰ ਭਰ ‘ਚ ਮੁਹਿੰਮ ਚਲਾ ਕੇ ਚੈਂਕਿੰਗ ਕੀਤੀ ਜਾਵੇਗੀ। ਇਸ ਦੇ ਨਾਲ ਸਖਤੀ ਵੀ ਕੀਤੀ ਜਾਵੇਗੀ।
ਮਾਹਰਾਂ ਦੇ ਮੁਤਾਬਕ ਪੁਲਿਸ ਦੇ ਕੋਲ ਹੁਣ ਤੱਕ 17 ਅਜਿਹੇ ਲੋਕਾਂ ਦੀ ਲਿਸਟ ਹੈ, ਜਿਨ੍ਹਾਂ ‘ਤੇ ਪਾਸਪੋਰਟ ‘ਚ ਗੜਬੜੀ ਜਾਂ ਫਰਜ਼ੀ ਪਾਸਪੋਰਟ ਬਣਾਉਣ ਦੇ ਪਰਚੇ ਦਰਜ ਹਨ। ਪੁਲਿਸ ਉਨ੍ਹਾਂ ਦੋਸ਼ੀਆਂ ਦੀ ਲਿਸਟ ਦੇ ਮੁਤਾਬਕ ਉਨ੍ਹਾਂ ਦੇ ਦਫਤਰਾਂ ਦੀ ਚੈਂਕਿੰਗ ਕਰੇਗੀ ਕਿ ਉਹ ਦੋਬਾਰਾ ਖੁੱਲ੍ਹੇ ਹਨ ਜਾਂ ਫਿਰ ਬੰਦ ਹਨ। ਜੇਕਰ ਖੁੱਲ੍ਹੇ ਹਨ ਤਾਂ ਕਿਸੇ ਆਧਾਰ ‘ਤੇ ਉਹ ਦੋਬਾਰਾ ਇਹ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕੋਲ ਕੋਈ ਲਾਈਸੰਸ ਹੈ ਕਿ ਉਹ ਲੋਕਾਂ ਨੂੰ ਅਪਾਇੰਟਮੈਂਟ ਲੈ ਕੇ ਦੇ ਸਕੇ ਜਾਂ ਉਨ੍ਹਾਂ ਦੀ ਫਾਇਲ ਬਣਵਾ ਸਕੇ। ਇਨ੍ਹਾਂ ਤੱਥਾਂ ‘ਤੇ ਪੁਲਿਸ ਦੀ ਜਾਂਚ ਟਿਕੀ ਰਹੇਗੀ।