ludhiana robbers factory manager: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਹੌਸਲਿਆਂ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਸ਼ਰੇਆਮ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਇੱਥੇ ਕਾਰ ਸਵਾਰ ਤਿੰਨ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਫੈਕਟਰੀ ਦੇ ਮੈਨੇਜਰ ਕੋਲੋਂ 3 ਲੱਖ 42 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਵਾਰਦਾਤ ਨੂੰ ਅੰਜਾਮ ਦੇਣ ਆਏ ਬਦਮਾਸ਼ ਨਗਦੀ ਸਮੇਤ ਸਕੂਟਰ ਵੀ ਲੈ ਗਏ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਥਾਣਾ ਡੀਵੀਜ਼ਨ ਨੰਬਰ 6 ਦੀ ਪੁਲਿਸ ਪਹੁੰਚੀ ਤੇ ਪੀੜਤ ਦੇ ਬਿਆਨਾ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤ ਦੀ ਪਛਾਣ ਰਤਨ ਫੈਬਰਿਕਸ ਦੇ ਮੈਨੇਜਰ ਸੰਦੀਪ ਜੈਨ ਦੱਸਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਪੀੜਤ ਵਿਜੈ ਇੰਦਰ ਜੈਨ ਕਾਲੋਨੀ ਵਾਸੀ ਸੰਦੀਪ ਜੈਨ ਨੇ ਦੱਸਿਆ ਕਿ ਉਹ ਰਤਨ ਫੈਬਰਿਕਸ ‘ਚ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ। ਸੰਦੀਪ ਨੇ ਦੱਸਿਆ ਕਿ ਜਦੋਂ ਉਹ ਅਰੋੜਾ ਪੈਲੇਸ ਕੋਲ ਪੈਂਦੇ ਕਾਰੋਬਾਰੀ ਜਿੰਦਲ ਕੋਲੋਂ ਆਪਣੀ ਕੰਪਨੀ ਦੇ 3 ਲੱਖ 42 ਹਜ਼ਾਰ ਰੁਪਏ ਲੈ ਕੇ ਵਾਪਸ ਦਫ਼ਤਰ ਵੱਲ ਨੂੰ ਜਾ ਰਿਹਾ ਸੀ ਤਾਂ ਸੰਦੀਪ ਜੈਨ ਨੇ ਨਕਦੀ ਸਕੂਟਰ ਦੀ ਡਿੱਗੀ ‘ਚ ਰੱਖੀ ਹੋਈ ਸੀ। ਸੰਦੀਪ ਦੇ ਮੁਤਾਬਕ ਜਿਸ ਤਰ੍ਹਾਂ ਹੀ ਉਹ ਏ.ਟੀ.ਆਈ ਕਾਲਜ ਕੋਲ ਪਹੁੰਚਿਆ ਤਾਂ ਇਕ ਕਾਰ ਨੇ ਉਸ ਦੇ ਸਕੂਟਰ ਨੂੰ ਟੱਕਰ ਮਾਰੀ ਤੇ ਹੇਠਾਂ ਸੁੱਟ ਦਿੱਤਾ। ਸੰਦੀਪ ਆਪਣੇ ਆਪ ਨੂੰ ਸੰਭਾਲ ਪਾਉਂਦਾ। ਇਸ ਤੋਂ ਪਹਿਲਾਂ ਹੀ ਕਾਰ ‘ਚੋਂ ਤਿੰਨ ਨੌਜਵਾਨ ਨਿਕਲੇ ਅਤੇ ਉਨ੍ਹਾਂ ‘ਚੋਂ ਇਕ ਨੇ ਉਸ ਉੱਪਰ ਪਿਸਤੌਲ ਤਾਣ ਦਿੱਤੀ। ਬਦਮਾਸ਼ਾਂ ‘ਚੋਂ ਇਕ ਨੌਜਵਾਨ ਨੇ ਸਕੂਟਰੀ ਸਟਾਰਟ ਕੀਤੀ ਅਤੇ ਨਕਦੀ ਤੇ ਸਕੂਟਰੀ ਲੁੱਟ ਕੇ ਫ਼ਰਾਰ ਹੋ ਗਿਆ। ਬਾਕੀ ਦੋ ਨੌਜਵਾਨ ਵੀ ਕਾਰ ‘ਚ ਸਵਾਰ ਹੋ ਕੇ ਉਸ ਦੇ ਪਿੱਛੇ ਚਲੇ ਗਏ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 6 ਦੇ ਏ.ਐੱਸ.ਆਈ ਦਵਿੰਦਰ ਸਿੰਘ ਮੌਕੇ ਪਹੁੰਚੇ। ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਵਾਰਦਾਤ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।