ludhiana ropar highway survey: ਲੁਧਿਆਣਾ (ਤਰਸੇਮ ਭਾਰਦਵਾਜ)- ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਲੁਧਿਆਣਾ ਤੋਂ ਰੂਪਨਗਰ ਤੱਕ ਨਵਾਂ ਗ੍ਰੀਨਫੀਲਡ ਹਾਈਵੇਅ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੀ ਲੰਬਾਈ 54 ਕਿਲੋਮੀਟਰ ਹੋਵੇਗੀ। ਇਸ ਦੇ ਲਈ ਪ੍ਰਾਈਵੇਟ ਕੰਪਨੀ ਨੇ ਸਰਵੇ ਸ਼ੁਰੂ ਕਰ ਦਿੱਤਾ ਹੈ। ਜ਼ਮੀਨ ਦੀ ਨਿਸ਼ਾਨਦੇਹੀ ਦੇ ਲਈ ਸੈਟੇਲਾਈਟ ਦੁਆਰਾ ਨਕਸ਼ਾ ਵੀ ਤਿਆਰ ਕੀਤਾ ਗਿਆ ਹੈ। ਫਿਲਹਾਲ ਇਸ ਸੜਕ ਨਿਰਮਾਣ ਦੇ ਲਈ ਸਰਵੇਅ ਸ਼ੁਰੂ ਹੋਇਆ ਹੈ ਹਾਲਾਂਕਿ ਹੁਣ ਇਸ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ। ਜੇਕਰ ਸਰਵੇਅ ਤੋਂ ਬਾਅਦ ਕੇਂਦਰ ਸਰਕਾਰ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੰਦਾ ਹੈ ਤਾਂ ਇਹ ਲੁਧਿਆਣਾਵਾਸੀਆਂ ਅਤੇ ਮਾਛੀਵਾੜਾ ਦੇ ਲਈ ਇਹ ਖੁਸ਼ਹਾਲੀ ਦਾ ਪ੍ਰਤੀਕ ਹੋਵੇਗਾ। ਦਰਅਸਲ ਹੁਣ ਰੂਪਨਗਰ ਤੋਂ ਲੁਧਿਆਣਾ ਆਉਣ ਲਈ ਸਰਹਿੰਦ ਨਹਿਰ ਕੰਢੇ ਤੋਂ ਹੋ ਕੇ ਦੋਰਾਹਾ, ਸਾਹਨੇਵਾਲ ਤੋਂ ਆਉਣਾ ਪੈਂਦਾ ਹੈ। ਇਸ ‘ਚ ਲਗਭਗ ਡੇਢ ਘੰਟੇ ਦਾ ਸਮਾਂ ਲੱਗਦਾ ਹੈ। ਇਸ ਦੇ ਨਾਲ ਹੀ ਜੇਕਰ ਇਹ ਹਾਈਵੇਅ ਬਣ ਜਾਵੇਗਾ ਤਾਂ ਲੋਕਾਂ ਨੂੰ ਸਿਰਫ 40 ਮਿੰਟ ਲੱਗਣਗੇ। ਇਸ ਹਾਈਵੇਅ ਨੂੰ ਰੂਪਨਗਰ ਅਤੇ ਖਰੜ ਹਾਈਵੇਅ ਦੇ ਨਾਲ ਜੋੜਿਆ ਜਾਵੇਗਾ।
ਇਨ੍ਹਾਂ ਪਿੰਡਾਂ ਤੋਂ ਹੋ ਕੇ ਗੁਜ਼ਰੇਗੀ ਸੜਕ-ਰੂਪਨਗਰ ਤੋਂ ਸ਼ੁਰੂ ਹੋਈ ਇਹ ਸੜਕ ਚਮਕੌਰ ਸਾਹਿਬ ਦੀ ਹੱਦ ਤੋਂ ਹੁੰਦੀ ਹੋਈ ਮਾਛੀਵਾੜਾ ਦੇ ਪਿੰਡ ਹਸਨਪੁਰ ‘ਚ ਦਾਖਲ ਹੋਵੇਗੀ। ਇਹ ਪ੍ਰੋਜੈਕਟ ਪਿੰਡ ਚੂਹੜਪੁਰ, ਬਹਿਲੋਲਪੁਰ, ਪਵਾਤ, ਸਹਿਜੋ ਮਾਜਰਾ, ਰਤੀਪੁਰ, ਨੂਰਪੁਰ, ਬੁਰਜਕੱਚਾ, ਮਾਛੀਵਾੜਾ ਸ਼ਹਿਰ, ਮਾਣੋਵਾਲ ਅਤੇ ਗੁਰੂਗੜ੍ਹ ਦੇ ਕਿਸਾਨਾਂ ਦੀ ਜ਼ਮੀਨ ਐਕੂਵਾਇਰ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਾਹਨੇਵਾਲ ਦੇ ਪਿੰਡ ਭੈਣੀ ਸ਼ਾਲੂ, ਝੂੰਗੀਆਂ ਬੇਗਾਂ, ਝੂੰਗੀਆਂ ਕਾਦਰ, ਬੌੜਾ, ਭੈਣੀ ਗਾਹੀ, ਚੌਂਤਾ, ਗੁੱਜਰਾਵਾਲ ਬੇਟ, ਕੂੰਮਕਲਾਂ, ਰਤਨਗੜ੍ਹ, ਕੂਮ ਖੁਰਦ, ਸ਼ੇਰੀਆ, ਮੱਲੇਵਾਲ, ਗਹਿਲੋਵਾਲ,ਮਾੜੇਵਾਲ, ਭਮਾ ਕਲਾ, ਭਮਾ ਖੁਰਦ ਅਤੇ ਹਿਯਾਤਪੁਰ ਆਦਿ ਪਿੰਡਾਂ ਤੋਂ ਇਹ ਮਾਰਗ ਨਿਕਲੇਗਾ। ਦੱਸ ਦੇਈਏ ਕਿ ਇਹ ਪ੍ਰੋਜੈਕਟ ਭਾਰਤਮਾਲਾ ਪਰਿਯੋਜਨਾ ਦੇ ਤਹਿਤ ਲਿਆਂਦਾ ਜਾ ਰਿਹਾ ਹੈ।