ludhiana shopkeepers festival season: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਕਾਲ ਦੇ ਮੱਦੇਨਜ਼ਰ ਲਾਕਡਾਊਨ ‘ਚ ਦੁਕਾਨਦਾਰ ਨੂੰ ਕਾਫੀ ਮਾਰ ਝੱਲਣੀ ਪਈ ਸੀ ਪਰ ਹੁਣ ਤਿਓਹਾਰੀ ਸੀਜ਼ਨ ‘ਚ ਦੁਕਾਨਦਾਰਾਂ ਨੇ ਸੁਖ ਦਾ ਸਾਹ ਲਿਆ ਹੈ। ਦਰਅਸਲ ਚੱਲ ਰਹੇ ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਦੀ ਬਾਜ਼ਾਰਾਂ ‘ਚ ਕਾਫੀ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਹੈ, ਇਸ ਦੇ ਨਾਲ ਦੁਕਾਨਾਂ ‘ਤੇ ਗਾਹਕਾਂ ਦੀ ਵੀ ਕਾਫੀ ਭੀੜ ਦੇਖੀ ਜਾ ਰਹੀ ਹੈ।
ਇਸ ਸਬੰਧੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੀਵਾਲੀ ‘ਚ ਹਾਲੇ ਕੁਝ ਹੀ ਦਿਨ ਬਚੇ ਹਨ ਕਿ ਪਰ ਬਾਜ਼ਾਰਾਂ ‘ਚ ਲੋਕਾਂ ਦੀ ਚੰਗੀ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਦੁਕਾਨਦਾਰਾਂ ਅਤੇ ਸਟੋਰ ਮਾਲਕਾਂ ਨੂੰ ਵੱਡੇ ਘਾਟਾ ਝੱਲਣਾ ਪਿਆ ਹੈ ਪਰ ਹੁਣ ਤਿਉਹਾਰੀ ਸੀਜ਼ਨ ਦੌਰਾਨ ਗਾਹਕ ਖਰੀਦਦਾਰੀ ਲਈ ਬਾਜ਼ਾਰਾਂ ‘ਚ ਆ ਰਹੇ ਹਨ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ ਦੀਵਾਲੀ ‘ਤੇ ਚੰਗੀ ਆਮਦ ਹੋਵੇਗੀ।
ਦੱਸਣਯੋਗ ਹੈ ਕਿ ਤਿਉਹਾਰਾਂ ਦੇ ਦਿਨਾਂ ‘ਚ ਜ਼ਿਆਦਾਤਰ ਲੋਕਾਂ ਵੱਲੋਂ ਇਲੈਕਟਰੋਨਿਕ, ਵਹੀਕਲ ਅਤੇ ਹੋਰ ਘਰੇਲੂ ਸਾਮਾਨ ਦੀ ਖਰੀਦਾਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲਾਕਡਾਊਨ ਖ਼ਤਮ ਕਰਨ ਦੇ ਨਾਲ-ਨਾਲ ਕਰਫਿਊ ਵੀ ਖ਼ਤਮ ਕੀਤਾ ਗਿਆ ਹੈ। ਇਸ ਤੋਂ ਬਾਅਦ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਬਹੁਤ ਰਾਹਤ ਮਿਲੀ ਹੈ। ਦੂਜੇ ਪਾਸੇ ਲੁਧਿਆਣਾ ਜਿਹੜਾ ਕਿ ਪੂਰੀ ਦੂਨੀਆਂ ‘ਚ ਹੌਜਰੀ ਸਾਈਕਲ ਉਦਯੋਗ ਅਤੇ ਹੋਰ ਕੰਮਾਂ ਲਈ ਜਾਣਿਆ ਜਾਂਦਾ ਹੈ ਅਤੇ ਲੁਧਿਆਣਾ ਦੇ ਬਾਜ਼ਾਰ ‘ਚ ਅਕਸਰ ਹੀ ਭਾਰੀ ਭੀੜ-ਭਾੜ ਰਹਿੰਦੀ ਹੈ ਅਤੇ ਜ਼ਿਲ੍ਹੇ ਦੇ ਪ੍ਰਸਿੱਧ ਇਲਾਕੇ ਘੰਟਾ ਘਰ ਦੇ ਆਸ ਪਾਸ ਅਤੇ ਪ੍ਰਸਿੱਧ ਚੌੜਾ ਬਾਜ਼ਾਰ ‘ਚ ਵੀ ਰੌਣਕ ਨਜ਼ਰ ਆ ਰਹੀ ਹੈ।