ludhiana soon come winter: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਵੀਰਵਾਰ ਸਵੇਰ ਤੇਜ਼ ਧੁੱਪ ਨਿਕਲੀ, ਜਿਸ ਨਾਲ ਸਵੇਰੇ ਸਾਢੇ ਦਸ ਵਜੇ ਹੀ ਤਾਪਮਾਨ 34 ਡਿਗਰੀ ਸੈਲਸੀਅਸ ਪਹੁੰਚ ਗਿਆ। ਦੱਸ ਦੇਈਏ ਕਿ ਹਵਾ ਬੰਦ ਸੀ, ਜਿਸ ਕਾਰਨ ਤੇਜ਼ ਧੁੱਪ ਚੁੱਭ ਰਹੀ ਸੀ। ਮੌਸਮ ਵਿਭਾਗ ਵੱਲੋਂ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਵਿਗਿਆਨੀਆਂ ਮੁਤਾਬਕ 15 ਅਕਤੂਬਰ ਤੋਂ ਦਿਨ ਦਾ ਤਾਪਮਾਨ ਤੇ ਰਾਤ ਦਾ ਤਾਪਮਾਨ ਘੱਟ ਹੋਵੇਗਾ।
ਪੀ.ਏ.ਯੂ ਦੇ ਮੌਸਮ ਵਿਭਾਗ ਦੀ ਵਿਗਿਆਨਿਕ ਡਾ. ਕੇ.ਕੇ ਗਿੱਲ ਮੁਤਾਬਰ ਅਕਤੂਬਰ ਦੇ ਦੂਸਰੇ ਹਫ਼ਤੇ ਤੋਂ ਜ਼ਿਲ੍ਹੇ ‘ਚ ਗੁਲਾਬੀ ਠੰਢ ਦਾ ਅਸਰ ਦੇਖਣ ਨੂੰ ਮਿਲੇਗਾ। ਡਾ. ਕੇ.ਕੇ ਗਿੱਲ ਮੁਤਾਬਕ ਇਸ ਵਾਰ ਸਰਦੀ ਜਲਦੀ ਆਵੇਗੀ। ਇਸ ਦੇ ਕਈ ਕਾਰਨ ਹਨ, ਜਿਵੇਂ ਕਿ ਇਕ ਤਾਂ ਮਾਨਸੂਨ ਦੀ ਵਿਦਾਈ ਹੋ ਚੁੱਕੀ ਹੈ। ਬਾਰਿਸ਼ ਵੀ ਜਲਦੀ ਖ਼ਤਮ ਹੋ ਗਈ। ਇਸ ਦੇ ਨਾਲ ਹੀ ਮੰਗਲਵਾਰ ਤੋਂ ਹਵਾਵਾਂ ਦੀ ਦਿਸ਼ਾ ਬਦਲ ਗਈ ਹੈ। ਹੁਣ ਉੱਤਰ ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਜਦੋਂ ਉੱਤਰ ਤੋਂ ਹਵਾਵਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਹ ਸਰਦੀ ਆਉਣ ਦਾ ਸੰਕੇਤ ਹੈ। ਦੂਜਾ ਦਿਨ ਅਤੇ ਰਾਤ ਦੇ ਤਾਪਮਾਨ ‘ਚ ਵੀ ਗਿਰਾਵਟ ਆਉਣ ਲੱਗੀ ਹੈ।
ਪਿਛਲੇ ਕੁਝ ਦਿਨਾਂ ਤੋਂ ਬੱਦਲ ਬੱਦਲ ਵੀ ਨਹੀਂ ਛਾ ਰਹੇ, ਜਿਸ ਕਾਰਨ ਮੌਸਮ ਸਾਫ ਹੈ। ਬੱਦਲਾਂ ਦੇ ਹੋਣ ਨਾਲ ਮੌਸਮ ਗਰਮ ਰਹਿੰਦਾ ਹੈ, ਪਰ ਬੱਦਲ ਨਾ ਹੋਣ ਨਾਲ ਮੌਸਮ ‘ਚ ਠੰਢਕ ਆ ਰਹੀ ਹੈ। ਸੰਭਾਵਨਾ ਹੈ ਕਿ 15 ਅਕਤੂਬਰ ਦੇ ਬਾਅਦ ਸਰਦੀ ਦਾ ਮੌਸਮ ਸ਼ੁਰੂ ਹੋ ਜਾਵੇਗਾ। ਲੋਕਾਂ ਨੂੰ ਗੁਲਾਬੀ ਠੰਢ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਠੰਡ ਦੀ ਸ਼ੁਰੂਆਤ ਨਵੰਬਰ ਮਹੀਨੇ ‘ਚ ਹੁੰਦੀ ਹੈ। ਠੰਡ ਦਾ ਮੌਸਮ ਰੱਬੀ ਫਸਲਾਂ ਲਈ ਕਾਫੀ ਮਹੱਤਵਪੂਰਨ ਹੁੰਦਾ ਹੈ। ਡਾ. ਗਿੱਲ ਮੁਤਾਬਕ ਇਸ ਵਾਰ ਠੰਡ ਜਿਆਦਾ ਦਿਨਾਂ ਤੱਕ ਰਹਿ ਸਕਦੀ ਹੈ।