ludhiana straw burn cases: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ 2 ਦਿਨਾਂ ਦੌਰਾਨ 531 ਥਾਵਾਂ ‘ਤੇ ਪਰਾਲੀ ਸਾੜੀ ਗਈ ਹੈ। ਇਸ ਮੁਤਾਬਕ ਸ਼ਨੀਵਾਰ ਨੂੰ 264 ਥਾਵਾਂ ਅਤੇ ਐਤਵਾਰ ਨੂੰ 267 ਥਾਵਾਂ ‘ਤੇ ਪਰਾਲੀ ਸਾੜੀ ਗਈ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 3 ਗੁਣਾ ਜਿਆਦਾ ਮਾਮਲੇ ਹਨ। ਸੂਬੇ ਭਰ ‘ਚ ਹੁਣ ਤੱਕ 29605 ਥਾਵਾਂ ‘ਤੇ ਪਰਾਲੀ ਸਾੜੀ ਜਾ ਚੁੱਕੀ ਹੈ।
ਏ.ਕਿਊ.ਆਈ ‘ਚ 5 ਵਾਰ ਖਰਾਬ ਸਥਿਤੀ ਦਾ ਖੁਲਾਸਾ ਹੋਇਆ- ਅੰਕੜਿਆਂ ‘ਚ ਖੁਲਾਸਾ ਹੋਇਆ ਹੈ ਕਿ 23 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਜ਼ਿਲ੍ਹੇ ਦਾ (ਏਅਰ ਕੁਆਲਿਟੀ ਇੰਡੈਕਸ) ਏ.ਕਿਊ.ਆਈ. 5 ਵਾਰ ਖਰਾਬ ਸਥਿਤੀ ‘ਚ ਪਹੁੰਚ ਚੁੱਕਿਆ ਹੈ। ਦੱਸ ਦੇਈਏ ਕਿ 23 ਅਕਤੂਬਰ ਨੂੰ ਏ.ਕਿਊ.ਆਈ 242 , 24 ਅਕਤੂਬਰ ਨੂੰ 256, 25 ਅਕਤੂਬਰ ਨੂੰ 274 , 26 ਅਕਤੂਬਰ ਨੂੰ 160, 27 ਅਕਤੂਬਰ ਨੂੰ 192, 28 ਅਕਤੂਬਰ ਨੂੰ 212 , 29 ਅਕਤੂਬਰ ਨੂੰ 249, 30 ਅਕਤੂਬਰ ਨੂੰ 170 ਅਤੇ 31 ਅਕਤੂਬਰ ਨੂੰ 145 ਰਿਹਾ ਹੈ।
ਪਰਾਲੀ ਦੇ ਧੂੰਏ ਨਾਲ ਸਿਹਤ ‘ਤੇ ਅਸਰ- ਪਰਾਲੀ ਦਾ ਧੂੰਆਂ ਇਨਸਾਨ ਦੀ ਸਿਹਤ ‘ਤੇ ਭਾਰੀ ਅਸਰ ਪਾ ਰਿਹਾ ਹੈ। ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਏਅਰ ਕੁਆਲਿਟੀ ਲਗਾਤਾਰ ਖਰਾਬ ਰਹਿਣ ਨਾਲ ਫੇਫੜਿਆਂ, ਸਾਹ ਲੈਣ ਅਤੇ ਦਿਲ ਨਾਲ ਸਬੰਧਿਤ ਗੰਭੀਰ ਬੀਮਾਰੀਆਂ ਵੱਧ ਰਹੀਆਂ ਹਨ। ਇਸ ਤੋਂ ਇਲਾਵਾ ਗਰਭਵਤੀ ਮਹਿਲਾਵਾਂ ਦਮੇ ਵਰਗੀ ਬੀਮਾਰੀ ਨਾਲ ਪੀੜਤ ਹੋ ਰਹੀਆਂ ਹਨ। ਉਨ੍ਹਾਂ ਲਈ ਹਾਨੀਕਾਰਨ ਧੂੰਆਂ ਜਾਨਲੇਵਾ ਸਾਬਿਤ ਹੋ ਰਿਹਾ ਹੈ, ਕਿਉਂਕਿ ਧੂੰਏ ਕਾਰਨ ਸਾਹ ਬੀਮਾਰੀ ਹੋਣ ਲੱਗਦੀ ਹੈ, ਜਿਸ ਤੋਂ ਗਰਭਵਤੀ ਮਹਿਲਾ ਅਤੇ ਬੱਚੇ ਨੂੰ ਵੀ ਖਤਰਾ ਪੈਦਾ ਹੁੰਦਾ ਹੈ।