ludhiana stray dog attacks: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਦਿਨੋ-ਦਿਨ ਵੱਧਦੀ ਹੀ ਜਾ ਰਹੀ ਹੈ। ਹੁਣ ਤਾਜ਼ਾ ਮਾਮਲਾ ਭਾਈ ਰਣਧੀਰ ਸਿੰਘ ਨਗਰ ਦੇ ਬਲਾਕ-ਜੇ ‘ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਆਵਾਰਾ ਕੁੱਤੇ ਨੇ ਇਕੋ ਦਿਨ ‘ਚ ਲਗਭਗ 15 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਪਰ ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਮੁਹੱਲਾਵਾਸੀਆਂ ਨੇ ਆਵਾਰਾਂ ਕੁੱਤੇ ਨੂੰ ਲੈ ਕੇ ਨਗਰ ਨਿਗਮ ਨੂੰ ਫੋਨ ਕੀਤਾ ਤਾਂ ਕੋਈ ਵੀ ਕਰਮਚਾਰੀ ਨਹੀਂ ਪਹੁੰਚਿਆ ਪਰ ਜਦੋਂ ਦੇਰ ਸ਼ਾਮ ਨਗਰ ਨਿਗਮ ਦੀ ਟੀਮ ਪਹੁੰਚੀ ਤਾਂ ਉਦੋਂ ਤੱਕ ਲਗਭਗ 15 ਲੋਕਾਂ ਨੂੰ ਕੁੱਤਾ ਜ਼ਖਮੀ ਕਰ ਚੁੱਕਿਆ ਸੀ। ਦੱਸ ਦੇਈਏ ਕਿ ਜ਼ਖਮੀਆਂ ‘ਚ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਬਜ਼ੁਰਗ ਲੋਕ ਵੀ ਸ਼ਾਮਿਲ ਹਨ।
ਦੱਸਣਯੋਗ ਹੈ ਕਿ ਭਾਈ ਰਣਧੀਰ ਸਿੰਘ ਨਗਰ ਦੇ ਬਲਾਕ-ਜੇ ਦੇ ਪਾਰਕ ‘ਚ ਸੈਰ ਕਰ ਰਹੇ ਅੱਧੀ ਦਰਜਨ ਤੋਂ ਵੱਧ ਲੋਕ ਜਿਨ੍ਹਾਂ ‘ਚ ਕਿ ਛੋਟੀ ਬੱਚੀ ਵੀ ਸ਼ਾਮਲ ਹੈ, ਨੂੰ ਵੱਢ ਕੇ ਜ਼ਖਮੀ ਕਰ ਦਿੱਤਾ। ਮੁਹੱਲਾਵਾਸੀਆਂ ਦਾ ਕਹਿਣਾ ਹੈ ਕਿ ਇਕ ਕੁੱਤਾ ਸਵੇਰ ਤੋਂ ਹਲਕਾਇਆ ਘੁੰਮ ਰਿਹਾ ਸੀ, ਜਿਸ ਦੀ ਸ਼ਿਕਾਇਤ ਨਗਰ ਨਿਗਮ ਅਧਿਕਾਰੀਆਂ ਨੂੰ ਕੀਤੀ ਗਈ ਪਰੰਤੂ ਅਧਿਕਾਰੀਆਂ ਨੇ ਧਿਆਨ ਨਹੀਂ ਦਿੱਤਾ ਪਰ ਜਦੋਂ ਸ਼ਾਮ ਕਰੀਬ 5.30 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸੇਵਾਮੁਕਤ ਪ੍ਰੋਫੈਸਰ ਐੱਚ. ਕੇ. ਖੁਰਾਣਾ ਆਪਣੀ ਦੋਹਤੀ ਮਾਇਆ ਅਰੋੜਾ ਨਾਲ ਪਾਰਕ ‘ਚ ਸੈਰ ਕਰ ਰਹੇ ਸਨ ਤਾਂ ਪਾਰਕ ਅੰਦਰ ਦਾਖਿਲ ਹੋਏ ਇਕ ਕੁੱਤੇ ਨੇ ਇਕਦਮ ਹਮਲਾ ਕਰਕੇ ਛੋਟੀ ਬੱਚੀ ਦੇ ਪੈਰ ਨੂੰ ਵੱਢਣਾ ਸ਼ੁਰੂ ਕੀਤਾ ਜਿਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਖੁਰਾਣਾ ਦੀ ਬਾਂਹ ਅਤੇ ਪੈਰ ਨੂੰ ਚਾਰ ਜਗ੍ਹਾ ਤੋਂ ਵੱਢ ਲਿਆ, ਉਥੇ ਮੌਜੂਦ ਇਕ ਔਰਤ ਅਤੇ ਹੋਰ ਵਿਅਕਤੀ ਨੇ ਦੋਵਾਂ ਨੂੰ ਕੁੱਤੇ ਤੋਂ ਬਚਾਉਣ ਦੀ ਕੋਸ਼ਿਸ਼ ਤਾਂ ਕੁੱਤੇ ਨੇ ਦੋਵਾਂ ਤੇ ਵੀ ਹਮਲਾ ਕਰ ਦਿੱਤਾ ਜਿਸ ਕਾਰਨ ਪਾਰਕ ‘ਚ ਇਕ ਦਮ ਹਫੜਾ ਦਫੜੀ ਮੱਚ ਗਈ, ਕੁੱਤੇ ਦੇ ਸਾਹਮਣੇ ਜੋ ਵਿਅਕਤੀ ਵੀ ਆਇਆ ਉਸਨੂੰ ਵੱਢਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਪਾਰਕ ਤੋਂ ਬਾਹਰ ਭੱਜਣਾ ਸ਼ੁਰੂ ਕੀਤਾ ਜਿਨ੍ਹਾਂ ਦੇ ਪਿੱਛੇ ਕੁੱਤਾ ਵੀ ਸੜਕ ‘ਤੇ ਆ ਗਿਆ ਅਤੇ ਉਥੇ ਗੁਜਰ ਰਹੇ ਲੋਕਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ।
ਇਲਾਕਾ ਨਿਵਾਸੀ ਹਰੀਸ਼ ਕੁਮਾਰ ਅਤੇ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨ ਡੰਡੇ ਲੈ ਕੇ ਮੌਕੇ ਤੇ ਆਏ ਅਤੇ ਘੇਰਕੇ ਕੁੱਤੇ ਨੂੰ ਪਾਰਕ ‘ਚ ਵਾੜ ਲਿਆ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਆਕੇ ਕੁੱਤੇ ਨੂੰ ਕਾਬੂ ਕੀਤਾ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ । ਜ਼ਖਮੀਆਂ ਦਾ ਨਿੱਜੀ ਹਸਪਤਾਲ ਵਿਖੇ ਇਲਾਜ ਕਰਵਾਇਆ ਗਿਆ ।
ਇਹ ਵੀ ਦੇਖੋ–