ludhiana student commits suicide: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ 11ਵੀਂ ਜਮਾਤ ਦੀ ਵਿਦਿਆਰਥਣ ਨੇ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੌਕੇ ‘ਤੇ ਸੁਸਾਈਡ ਨੋਟ ਵੀ ਪ੍ਰਾਪਤ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ ਤੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ। ਮ੍ਰਿਤਕ ਲੜਕੀ ਦੀ ਪਛਾਣ 16 ਸਾਲਾਂ ਅਮਨਦੀਪ ਦੇ ਨਾਂ ਨਾਲ ਹੋਈ ਹੈ। ਮੌਕੇ ‘ਤੇ ਪ੍ਰਾਪਤ ਕੀਤਾ ਗਿਆ ਸੁਸਾਈਡ ਨੋਟ ‘ਚ ਮ੍ਰਿਤਕ ਲੜਕੀ ਨੇ ਆਪਣੀ ਮੌਤ ਦਾ ਜ਼ਿੰਮਵਾਰ ਖੁਦ ਨੂੰ ਹੀ ਦੱਸਿਆ ਅਤੇ ਮਾਪਿਆਂ ਦੀ ਉਮੀਦਾਂ ‘ਤੇ ਖਰੀ ਨਾ ਉਤਰਨ ਦਾ ਕਾਰਨ ਦੱਸਿਆ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀ.ਏ.ਯੂ ਦੇ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥਣ ਅਮਨਦੀਪ ਕੌਰ ਪਿਛਲੇ ਕੁਝ ਸਮੇਂ ਤੋਂ ਪੜ੍ਹਾਈ ਅਤੇ ਹੋਰ ਕਾਰਨਾਂ ਨੂੰ ਲੈ ਕੇ ਡਿਪ੍ਰੈਸ਼ਨ ਦੀ ਸ਼ਿਕਾਰ ਹੋ ਚੁੱਕੀ ਸੀ। ਬੀਤੀ ਸ਼ਾਮ 7 ਵਜੇ ਤੋਂ ਅਮਨਦੀਪ ਕੌਰ ਘਰ ਤੋਂ ਗਾਇਬ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣ ਦਾ ਯਤਨ ਕੀਤਾ ਪਰ ਲੜਕੀ ਸਬੰਧੀ ਕੋਈ ਵੀ ਜਾਣਕਾਰੀ ਨਾ ਮਿਲੀ। ਬੁੱਧਵਾਰ ਦੁਪਹਿਰ ਵੇਲੇ ਕੁਝ ਰਾਹਗੀਰਾਂ ਨੇ ਸਾਊਥ ਸਿਟੀ ਦੇ ਲਾਗੇ ਪਾਣੀ ਵਾਲੀ ਟੈਂਕੀ ਦੇ ਹੇਠਾਂ ਲੜਕੀ ਦੇ ਲਾਸ਼ ਦੇਖੀ। ਸ਼ਨਾਖਤ ਤੋਂ ਬਾਅਦ ਪਤਾ ਲੱਗਾ ਕਿ ਲੜਕੀ ਸਾਊਥ ਸਿਟੀ ਦੇ ਰਹਿਣ ਵਾਲੇ ਕਾਰੋਬਾਰੀ ਰਵਿੰਦਰ ਸਿੰਘ ਦੀ ਬੇਟੀ ਹੈ। ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਸੱਟਾਂ ਲੱਗਣ ਕਾਰਨ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ।ਕਾਰੋਬਾਰੀ ਰਵਿੰਦਰ ਸਿੰਘ ਦਾ ਵੱਡਾ ਬੇਟਾ ਉੱਚ ਸਿੱਖਿਆ ਦੀ ਪੜ੍ਹਾਈ ਕਰ ਰਿਹਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਇਸ ਸਬੰਧੀ ਜਾਂਚ ਜਾਰੀ ਹੈ।