ludhiana sutlej club election: ਲੁਧਿਆਣਾ (ਤਰਸੇਮ ਭਾਰਦਵਾਜ)-ਸਤਲੁਜ ਕਲੱਬ ਦੀਆਂ ਚੋਣਾਂ ‘ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਗਰੁੱਪ ਨੇ ਬਾਜ਼ੀ ਮਾਰ ਲਈ ਹੈ। ਸਭ ਤੋਂ ਜਿਆਦਾ ਸਖਤ ਮੁਕਾਬਲੇ ਵਾਲੀ ਫਾਇਨਾਂਸ ਸਕੱਤਰ ਦੀ ਸੀਟ ‘ਤੇ ਕੇ.ਪੀ.ਐੱਸ ਵਾਲੀਆ ਨੇ 162 ਜਿਆਦਾ ਵੋਟਾਂ ਲੈ ਕੇ ਜਸਦੀਪ ਸਿੰਘ ਨਲਵਾ ਨੂੰ ਹਰਾਇਆ। ਸ਼ਾਮ ਲਗਭਗ 7 ਵਜੇ ਚੋਣਾਂ ਦੇ ਨਤੀਜੇ ਐਲਾਨੇ ਗਏ। ਚੋਣਾਂ ‘ਚ ਇਹ ਸੀਟ ‘ਤੇ ਸਭ ਨੇ ਆਪਣੀ ਤਾਕਤ ਝੌਂਕੀ ਹੋਈ ਸੀ, ਕਿਉਂਕਿ ਇਸ ਤੋਂ ਪਹਿਲਾਂ ਮੁੱਖ ਸੀਟਾਂ (ਜਨਰਲ ਸਕੱਤਰ, ਵਾਇਸ ਪ੍ਰੈਜੀਡੈਂਟ, ਬਾਰ ਸਕੱਤਰ, ਸਪੋਰਟਸ ਸਕੱਤਰ ਅਤੇ ਮਹਿਲਾ ਐਗਜਿਵਕਿਊਟਿਵ ) ਨੂੰ ਸਰਵ ਸੰਮਤੀ ਨਾਲ ਜੇਤੂ ਐਲ਼ਾਨ ਕਰ ਦਿੱਤਾ ਗਿਆ ਸੀ।
ਦੱਸਣਯੋਗ ਹੈ ਕਿ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈਆਂ ਚੋਣਾਂ ‘ਚ ਵੋਟਿੰਗ ਕਾਫੀ ਘੱਟ ਹੋਈ ਹੈ। ਇਸ ਦਾ ਕਾਰਨ ਕੋਰੋਨਾ ਨੂੰ ਮੰਨਿਆ ਜਾ ਰਿਹਾ ਹੈ ਤਾਂ ਇਸ ਤੋਂ ਵੱਡਾ ਕਾਰਨ ਵੱਡੀਆਂ ਸੀਟਾਂ ‘ਤੇ ਪਹਿਲਾਂ ਹੀ ਸਰਵ ਸੰਮਤੀ ਨਾਲ ਜੇਤੂ ਪਹਿਲਾਂ ਹੀ ਐਲਾਨ ਹੋ ਚੁੱਕੇ ਹਨ। ਬਾਕੀ ਦੀਆਂ ਸੀਟਾਂ ‘ਤੇ ਵੋਟ ਪਾਉਣ ਲਈ ਕਈ ਰਸੂਖਦਾਰ ਸ਼ਨੀਵਾਰ ਨੂੰ ਕਲੱਬ ਨਹੀਂ ਆਏ, ਜਿਸ ਕਾਰਨ ਲਗਭਗ 1 ਹਜ਼ਾਰ ਵੋਟ ਹੀ ਪਾਈ ਗਈ। ਕਲੱਬ ਦੇ 3300 ਮੈਂਬਰਾਂ ‘ਚੋਂ 2800 ਨੂੰ ਹੀ ਵੋਟ ਦੇਣ ਦਾ ਅਧਿਕਾਰ ਸੀ। ਇਸ ਤਰ੍ਹਾਂ ਸਿਰਫ 35.71 ਫੀਸਦੀ ਵੋਟਿੰਗ ਹੋਈ।
ਜਾਣੋ ਨਤੀਜੇ-ਜੁਆਇੰਟ ਸਕੱਤਰ ਦੇ ਅਹੁਦੇ ‘ਤੇ ਗੁਰਮੀਤ ਸਿੰਘ ਨੇ ਸਚਿਨ ਗੁਪਤਾ ਨੂੰ ਹਰਾਇਆ। ਇਸ ਦੇ ਨਾਲ ਹੀ ਮੈਸ ਸਕੱਤਰ ਦੇ ਅਹੁਦੇ ‘ਤੇ ਮਨਿੰਦਰ ਸਿੰਘ ਬੇਦੀ ਨੇ ਸੰਜੀਵ ਗੁਪਤਾ ਨੂੰ, ਕਲੱਚਰਲ ਸਕੱਤਰ ‘ਤੇ ਰਤਨਦੀਪ ਬਾਵਾ ਨੇ ਹਰਕੇਸ਼ ਮਿੱਤਲ ਨੂੰ ਪਛਾੜਿਆ। ਇਸ ਦੇ ਨਾਲ ਹੀ ਐਗਜ਼ਿਵਕਿਊਟਿਵ ਮੈਂਬਰ ਦੀ ਸੀਟ ‘ਤੇ ਸੁਬੋਧ ਬਾਤਿਸ਼ ਅਤੇ ਡਾ.ਅਰੁਣ ਧਵਨ ਜੇਤੂ ਰਹੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਸਰਵਸੰਮਤੀ ਨਾਲ ਸੰਜੀਵ ਢਾਂਡਾ ਜਨਰਲ ਸਕੱਤਰ, ਜਤਿੰਦਰ ਮਰਵਾਹਾ ਵਾਇਸ ਪ੍ਰੈਜੀਡੈਂਟ, ਸਚਿਨ ਕਪੂਰ ਬਾਰ ਸਕੱਤਰ, ਅਨਿਲ ਗੋਇਲ ਸਕੱਤਰ ਅਤੇ ਗਿੰਨੀ ਬਾਵਾ ਐਗਜਿਵਕਿਊਟਿਵ ਮੈਂਬਰ ਚੁਣੇ ਜਾ ਚੁੱਕੇ ਹਨ।