ludhiana teachers students corona positive: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ਦੇ ਸਕੂਲਾਂ ‘ਚ ਕੋਰੋਨਾ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਪੀੜਤ ਮਾਮਲੇ ਪ੍ਰਾਈਵੇਟ ਸਕੂਲਾਂ ‘ਚੋਂ ਵੀ ਸਾਹਮਣੇ ਆ ਰਹੇ ਹਨ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਕੀਤੀ ਗਈ ਲੈਬ ਜਾਂਚ ਦੌਰਾਨ 5 ਵਿਦਿਆਰਥੀਆਂ ਜਿਨ੍ਹਾਂ ‘ਚ ਚੌਂਤਾ ਸਕੂਲ ਦੇ 2, ਡੀ. ਪੀ. ਐੱਸ. ਸਕੂਲ ਦੇ 2 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ 1 ਵਿਦਿਆਰਥੀ ਤੋਂ ਇਲਾਵਾ ਡੀ. ਪੀ. ਐੱਸ. ਸਕੂਲ ਅਤੇ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦਾ 1-1 ਅਧਿਆਪਕ ਅਤੇ 1 ਸਿਹਤ ਮੁਲਾਜ਼ਮ (ਸਟਾਫ ਨਰਸ) ਸ਼ਾਮਿਲ ਹੈ, ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
ਦੱਸਣਯੋਗ ਹੈ ਕਿ ਡੀ.ਪੀ.ਐੱਸ ਤੋਂ ਆਏ ਮਾਮਲੇ ਕੰਟੈਕਟ ਟ੍ਰੇਸਿੰਗ ‘ਚ ਸਾਹਮਣੇ ਆਏ ਹਨ। ਮਲਟੀਪਰਪਜ਼ ਸਕੂਲ ‘ਚ ਪੀੜਤ ਪਾਏ ਗਏ ਅਧਿਆਪਕਾਂ ਨੂੰ 2 ਦਿਨ ਤੋਂ ਬੁਖਾਰ ਹੋ ਰਿਹਾ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਦਾ ਸੈਂਪਲ ਲਿਆ ਗਿਆ ਜਿਸ ਦੀ ਰਿਪੋਰਟ ਸੋਮਵਾਰ ਨੂੰ ਪਾਜ਼ੀਟਿਵ ਪਾਈ। ਖਤਰੇ ਦੀ ਗੱਲ ਇਹ ਹੈ ਕਿ ਕੋਰੋਨਾ ਦੇ ਲੱਛਣ ਹੋਣ ਦੇ ਬਾਵਜੂਦ ਵੀ ਅਧਿਆਪਕ ਸੋਮਵਾਰ ਤੱਕ ਸਕੂਲ ‘ਚ ਐਗਜ਼ਾਮ ਡਿਊਟੀ ਦਿੰਦਾ ਰਿਹਾ। ਅਧਿਆਪਕ ਦੀ ਪਤਨੀ ਵੀ ਇਸ ਸਕੂਲ ‘ਚ ਪੜ੍ਹਾਉਂਦੀ ਹੈ। ਦੱਸ ਦੇਈਏ ਕਿ ਜ਼ਿਲ੍ਹੇ ‘ਚ ਲਗਾਤਾਰ ਦੂਜੇ ਦਿਨ ਭਾਵ ਸੋਮਵਾਰ ਨੂੰ 5 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 47 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਅਧਿਕਾਰੀ ਮੁਤਾਬਕ ਇਨ੍ਹਾਂ ਮਰੀਜ਼ਾਂ ‘ਚ 37 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਜਦਕਿ 10 ਮਰੀਜ਼ ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਜ਼ਿਕਰਯੋਗ ਹੈ ਕਿ ਮਹਾਨਗਰ ‘ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 26701 ਹੋ ਗਈ ਹੈ, ਜਿਨ੍ਹਾਂ ‘ਚੋਂ 1001 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਤੋਂ ਇਲਾਵਾ 4118 ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਿਤ ਹਨ, ਇਨ੍ਹਾਂ ‘ਚੋਂ 499 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾਂ ਐਪੀਡੇਮਿਓਲੋਜਿਸਟ ਡਾਕਟਰ ਰਮੇਸ਼ ਭਗਤ ਮੁਤਾਬਕ ਜ਼ਿਲ਼੍ਹੇ ‘ਚ 421 ਸਰਗਰਮ ਮਰੀਜ਼ ਹਨ ਜਿਨ੍ਹਾਂ ‘ਚੋਂ ਜ਼ਿਲ੍ਹੇ ਦੇ ਹਸਪਤਾਲਾਂ ‘ਚ 96 ਮਰੀਜ਼ ਜੇਰੇ ਇਲਾਜ ‘ਚ ਹਨ।
ਇਹ ਵੀ ਦੇਖੋ–