ludhiana vigilance arrest clerk bribe: ਲੁਧਿਆਣਾ (ਤਰਸੇਮ ਭਾਰਦਵਾਜ)- ਅਫਸਰਾਂ ਦਾ ਨਾਂ ਲੈ ਕੇ ਕੰਮ ਕਰਵਾਉਣ ਲਈ ਏਜੰਟਾਂ ਤੋਂ ਰਿਸ਼ਵਤ ਲੈਂਦੇ ਬੱਚਤ ਭਵਨ ਦੇ ਕਲਰਕ ਨੂੰ ਵਿਜ਼ੀਲੈਂਸ ਨੇ ਕਾਬੂ ਕੀਤਾ ਹੈ। ਮੁਲਜ਼ਮ ਕੋਲੋਂ ਰਿਸ਼ਵਤ ਦੇ 4 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਵਲੋਂ ਮਿੰਨੀ ਸਕੱਤਰੇਤ ਸਥਿਤ ਜ਼ਿਲ੍ਹਾ ਛੋਟੀਆਂ ਬੱਚਤਾਂ ਦਫ਼ਤਰ ‘ਚ ਛਾਪੇਮਾਰੀ ਕਰਕੇ ਕਲਰਕ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਰਾਜਿੰਦਰ ਕੁਮਾਰ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਜਿੰਦਰ ਕੁਮਾਰ ਜ਼ਿਲ੍ਹਾ ਛੋਟੀਆਂ ਬੱਚਤਾ ਦਫ਼ਤਰ ‘ਚ ਬਤੌਰ ਕਲਰਕ ਤਾਇਨਾਤ ਹੈ। ਵਿਜੀਲੈਂਸ ਵਲੋਂ ਇਹ ਕਾਰਵਾਈ ਦਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਹਰੀਓ ਕਲਾਂ ਖੰਨਾ ਦੀ ਸ਼ਿਕਾਇਤ ‘ਤੇ ਅਮਲ ‘ਚ ਲਿਆਂਦੀ ਹੈ। ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਅਤੇ ਉਸ ਦਾ ਸਾਥੀ ਰਾਮ ਆਸਰਾ ਜ਼ਿਲ੍ਹਾ ਛੋਟੀਆਂ ਬੱਚਤਾਂ ਮਹਿਕਮੇ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ ਤੇ ਉਨ੍ਹਾਂ ਦਾ ਅਕਸਰ ਦਫ਼ਤਰ ਨਾਲ ਸਬੰਧ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀ ਵਲੋਂ ਦੋਵਾਂ ਏਜੰਟਾਂ ਪਾਸੋਂ ਉਨ੍ਹਾਂ ਦਾ ਲਾਈਸੈਂਸ ਨਵੀਨੀਕਰਨ ਅਤੇ ਚੈਂਕਿੰਗ ਦਾ ਕਹਿ ਕੇ ਰਿਸ਼ਵਤ ਦੀ ਮੰਗ ਕੀਤੀ ਗਈ ਪਰ ਇਨ੍ਹਾਂ ਦੋਵਾਂ ਏਜੰਟਾਂ ਵਲੋਂ ਜਦੋਂ ਉਕਤ ਕਥਿਤ ਦੋਸ਼ੀ ਨੂੰ ਰਿਸ਼ਵਤ ਦੇਣ ਤੋਂ ਇਨਕਾਰ ਕੀਤਾ ਤਾਂ ਕਲਰਕ ਵਲੋਂ ਇਨ੍ਹਾਂ ਦੋਵਾਂ ਏਜੰਟਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਅਤੇ ਦਫ਼ਤਰ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ, ਉੱਥੇ ਕਥਿਤ ਦੋਸ਼ੀ ਵਲੋਂ ਇਨ੍ਹਾਂ ਪਾਸੋਂ ਚਾਰ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ। ਦਵਿੰਦਰ ਵਲੋਂ ਇਹ ਸਾਰਾ ਮਾਮਲਾ ਵਿਜੀਲੈਂਸ ਬਿਊਰੋ ਦੇ ਧਿਆਨ ‘ਚ ਲਿਆਂਦਾ ਤਾਂ ਵਿਜੀਲੈਂਸ ਵਲੋਂ ਅੱਜ ਛਾਪੇਮਾਰੀ ਕਰਕੇ ਕਲਰਕ ਰਾਜਿੰਦਰ ਕੁਮਾਰ ਨੂੰ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰਦਿਆਂ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ–
ਕੁੜੀਆਂ ਨੂੰ ਨਹੀਂ ਡਰਨ ਦੀ ਲੋੜ , ਕਿਉਕਿ ਹੁਣ ਪੰਜਾਬ ਚ’ ਰਾਤ ਨੂੰ ਔਰਤਾਂ ਖੁਦ ਚਲਾਉਣ ਗੀਆਂ ਟੈਕਸੀ