luxury vehicles former sarpanch arrest: ਲੁਧਿਆਣਾ (ਤਰਸੇਮ ਭਾਰਦਵਾਜ)- ਨਸ਼ੇ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਨੇ ਅਜਿਹੇ ਸਖਸ਼ ਨੂੰ ਕਾਬੂ ਕੀਤਾ ਹੈ, ਜਿਸ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਦੀ ਖੇਪ ਤਾਂ ਬਰਾਮਦ ਹੋਈ ਹੈ, ਇਸ ਦੇ ਨਾਲ ਹੀ ਮੁਲਜ਼ਮ ਕੋਲੋਂ ਲਗਜ਼ਰੀ ਗੱਡੀਆਂ, ਹਥਿਆਰ ਸਮੇਤ ਕੁਝ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਦੱਸ ਦੇਈਏ ਕਿ ਮੁਲਜ਼ਮ ਦੀ ਪਛਾਣ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਵਾਸੀ ਪਾਇਲ ਦੇ ਨਾਂ ਨਾਲ ਹੋਈ ਹੈ, ਜਿਸ ਦੇ ਰਾਜਨੀਤਿਕ ਪਾਰਟੀਆਂ ਸਮੇਤ ਉੱਚ ਅਧਿਕਾਰੀਆਂ ਨਾਲ ਚੰਗੇ ਸਬੰਧ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਟੀਮ ਨੇ 4 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਕੋਲੋਂ 25 ਕਰੋੜ ਦੀ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਟੀ.ਐੱਫ. ਦੇ ਆਈ. ਜੀ. ਪੀ. ਬਲਕਾਰ ਸਿੰਘ ਅਤੇ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਦਿੱਤੀ ਗਈ ਸੀ ਕਿ ਕੁਝ ਨਸ਼ਾ ਸਮੱਗਲਰ ਅੱਜ ਜਗਰਾਓਂ ਵੱਲੋਂ ਹੈਰੋਇਨ ਦੀ ਵੱਡੀ ਖੇਪ ਲੈ ਕੇ ਆ ਰਹੇ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ.ਟੀ.ਐੱਫ. ਦੀ ਟੀਮ ਨੇ ਗੁਰਦੁਆਰਾ ਨਾਨਕਸਰ ਸਾਹਿਬ ਜਗਰਾਓਂ ਦੇ ਕੋਲ 4 ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ। ਇਨ੍ਹਾਂ ਮੁਲਜ਼ਮਾਂ ਕੋਲੋਂ 5 ਕਿਲੋ 392 ਗ੍ਰਾਮ ਹੈਰੋਇਨ, 21,04,950 ਰੁਪਏ ਦੀ ਡਰੱਗ ਮਨੀ ਅਤੇ ਇਕ 32 ਬੋਰ ਦਾ ਰਿਵਾਲਵਰ, ਇਕ 12 ਬੋਰ ਦੀ ਪੰਪ ਐਕਸ਼ਨ ਗੰਨ ਅਤੇ ਇਕ 315 ਬੋਰ ਦੀ ਰਾਈਫਲ, ਜੈਗੂਆਰ, ਬੀ.ਐੱਮ.ਡਬਲਿਊ, ਮਰਸਡੀਜ਼ ਬੈਂਜ, ਆਡੀ , ਫਾਰਚੂਨਰ ਅਤੇ ਇਨੋਵਾ ਸਮੇਤ 14 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।
ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਗਿਰੋਹ ਦੇ ਸਰਗਣਾ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਵਾਸੀ ਪਾਇਲ, ਰਵੇਜ ਵਾਸੀ ਮਹਾਵੀਰ ਕਾਲੋਨੀ ਬਾੜੇਵਾਲ ਅਵਾਣਾ, ਲੁਧਿਆਣਾ, ਇਕਬਾਲ ਸਿੰਘ ਵਾਸੀ ਰਾਣੋ ਅਤੇ ਰਣਦੀਪ ਸਿੰਘ ਵਾਸੀ ਖੰਨਾ ਵਜੋਂ ਕੀਤੀ ਗਈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।