Machhiwara Sahib theft gujjardera: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ, ਕਿ ਆਏ ਦਿਨ ਨਵੀਆਂ ਤੋਂ ਨਵੀਆਂ ਤਰੀਕਿਆਂ ਨਾਲ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਹੁਣ ਚੋਰਾਂ ਨੇ ਮਾਛੀਵਾੜਾ ਸਾਹਿਬ ਵਿਖੇ ਗੁੱਜਰਾਂ ਦੇ ਵਿਹੜੇ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੇ ਘਰ ਨੂੰ ਸੰਨ ਲਾ ਕੇ 26 ਹਜ਼ਾਰ ਦੀ ਨਕਦੀ ਤੇ ਗਹਿਣਿਆਂ ਸਮੇਤ ਲਗਭਗ ਢਾਈ ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਇਸ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ ਮਾਛੀਵਾੜਾ ਦੇ ਪਿੰਡ ਬੋਹਾਪੁਰ ‘ਚ ਗੁੱਜਰਾਂ ਦੇ ਡੇਰੇ ‘ਚ ਉਸ ਸਮੇਂ ਵਾਪਰੀ, ਜਦੋਂ ਪੀੜਤ ਪਰਿਵਾਰ ਆਪਣੇ ਘਰ ਵਿਹੜੇ ‘ਚ ਸੁੱਤਾ ਪਿਆ ਸੀ। ਇਸ ਦੌਰਾਨ ਚੋਰਾਂ ਨੇ ਖੇਤਾਂ ਵਾਲੇ ਪਾਸਿਓਂ ਘਰ ਦੀ ਕੰਧ ਨੂੰ ਦੋ-ਤਿੰਨ ਥਾਵਾਂ ਤੋਂ ਪਾੜ ਲਾ ਕੇ ਅੰਦਰ ਦਾਖਲ ਹੋਏ। ਪੀੜਤ ਸੁਰਾਜਦੀਨ ਅਨੁਸਾਰ ਉਸਨੇ ਕੱਲ੍ਹ ਹੀ 15 ਹਜ਼ਾਰ ਰੁਪਏ ਡੇਅਰੀ ਵਾਲੇ ਤੋਂ ਦੁੱਧ ਵੇਚਣ ਬਦਲੇ ਲਏ ਸਨ ਤੇ ਉਸਦਾ ਲੜਕਾ ਫੈਕਟਰੀ ‘ਚੋਂ 11 ਹਜ਼ਾਰ ਰੁਪਏ ਤਨਖ਼ਾਹ ਲੈ ਕੇ ਆਇਆ ਸੀ, ਜੋ ਚੋਰਾਂ ਨੇ ਚੋਰੀ ਕਰ ਲਏ। ਇਸ ਤੋਂ ਇਲਾਵਾ ਕਮਰੇ ਅੰਦਰ ਸਾਮਾਨ ਦੀ ਫਰੋਲਾ-ਫਰਾਲੀ ਦੌਰਾਨ ਉਸਦੀ ਨੂੰਹ ਤੇ ਧੀ ਦੇ ਸੋਨੇ ਦੇ ਗਹਿਣੇ ਵੀ ਲੈ ਗਏ।