Machhiwara youth died corona: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਨੇ ਕਾਫੀ ਘਾਤਕ ਰੂਪ ਧਾਰਨ ਕੀਤਾ ਹੋਇਆ ਹੈ। ਹੁਣ ਮਾਮਲਾ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪ੍ਰਸਿੱਧ ਅਤੇ ਸਮਾਜ ਸੇਵੀ ਕਾਰਜਾਂ ‘ਚ ਮਸ਼ਹੂਰ ਚੋਪੜਾ ਪਰਿਵਾਰ ਦੇ ਘਰ ਨੌਜਵਾਨ ਪੁੱਤਰ ਦੀ ਇਸ ਮਹਾਮਾਰੀ ਦੀ ਚਪੇਟ ‘ਚ ਆ ਗਿਆ ਅਤੇ ਜਿਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਗੌਤਮ ਚੋਪੜਾ ਦੇ ਰੂਪ ‘ਚ ਹੋਈ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਗੌਤਮ ਚੋਪੜਾ ਮਾਛੀਵਾੜਾ ਦੇ ਨਿੱਜੀ ਸਕੂਲ ਦੇ ਪ੍ਰਬੰਧਕ ਸੁਰੇਸ਼ ਚੋਪੜਾ ਤੇ ਦਿਨੇਸ਼ ਚੋਪੜਾ ਦਾ ਭਤੀਜਾ ਸੀ ਅਤੇ ਲੁਧਿਆਣਾ ਦੀ ਇਕ ਨਿੱਜੀ ਬੈਂਕ ‘ਚ ਉੱਚ ਅਹੁਦੇ ‘ਤੇ ਨਿਯੁਕਤ ਸੀ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਲਗਭਗ 15 ਦਿਨ ਪਹਿਲਾਂ ਗੌਤਮ ਚੋਪੜਾ ਨੂੰ ਨਿਮੋਨੀਆ ਦੀ ਬੀਮਾਰੀ ਹੋਈ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਨੂੰ ਲੁਧਿਆਣਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਕਿ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਗੌਤਮ ਚੋਪੜਾ ਦੇ ਪਿਤਾ ਵਰਿੰਦਰ ਚੋਪੜਾ ਦੀ ਪਹਿਲਾਂ ਹੀ ਮੌਤ ਹੋ ਗਈ ਸੀ। ਉਸ ਸਮੇਂ ਇਹ ਨੌਜਵਾਨ ਡੇਢ ਸਾਲ ਦਾ ਸੀ, ਜਿਸ ਦਾ ਪਾਲਣ-ਪੋਸ਼ਣ ਉਸ ਦੇ ਚਾਚਾ ਸੁਰੇਸ਼ ਚੋਪੜਾ ਤੇ ਦਿਨੇਸ਼ ਚੋਪੜਾ ਨੇ ਕੀਤਾ ਪਰ ਹੁਣ ਇਸ ਨੌਜਵਾਨ ਦੀ ਅਚਨਚੇਤ ਮੌਤ ਨਾਲ ਸਾਰੇ ਪਰਿਵਾਰ ਨੂੰ ਡੂੰਘਾ ਸਦਮਾ ਲੱਗਿਆ ਹੈ।