man commit suicide ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਸ਼ਹਿਰ ‘ਚ ਉਸ ਸਮੇਂ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਪਸਰ ਗਿਆ ਜਦੋਂ ਇੱਕ ਵਿਅਕਤੀ ਵਲੋਂ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਆਰਥਿਕ ਤੰਗੀ ਦੇ ਚਲਦਿਆਂ 41 ਸਾਲਾ ਵਿਅਕਤੀ ਨੇ ਸੋਮਵਾਰ ਨੂੰ ਘਰ ਦੀ ਮੰਜ਼ਿਲ ‘ਤੇ ਜਾ ਕੇ ਗਲੇ ‘ਚ ਚੁੰਨੀ ਬੰਨ੍ਹ ਕੇ ਛਾਲ ਮਾਰ ਦਿੱਤੀ,ਜਿਸ ਦੇ ਚਲਦਿਆਂ ਉਕਤ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮੌਕੇ ‘ਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਹੈ।ਡਿਵੀਜ਼ਨ ਨੰ.-8 ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਹਵਾਲੇ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਮ੍ਰਿਤਕ ਇੱਕ ਮਜ਼ਦੂਰ ਸੀ ਅਤੇ ਉਸਦੇ 4 ਬੱਚੇ ਸਨ।ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ ਕਾਫੀ ਸਮੇਂ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ, ਜਿਸ ਦੇ ਚਲਦਿਆਂ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।ਉਸ ਨੇ ਦੱਸਿਆ ਕਿ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਸਾਰੇ ਸੌਂ ਗਏ।ਕਰੀਬ ਅੱਧੀ ਰਾਤ ਨੂੰ ਉਸ ਨੇ ਉੱਠ ਕੇ ਦੇਖਿਆ ਤਾਂ ਉਸਦਾ ਪਤੀ ਕਮਰੇ ‘ਚ ਨਹੀਂ ਸੀ, ਬਾਹਰ ਆ ਕੇ ਦੇਖਿਆ ਤਾਂ ਉਸਦੀ ਲਾਸ਼ ਕੰਧ ਨਾਲ ਲਟਕ ਰਹੀ ਸੀ।ਜਿਸ ਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।ਪਤਨੀ ਨੇ ਦੱਸਿਆ ਕਿ ਉਸਦੇ ਪਤੀ ਨੇ ਗਰਿੱਲ ਨਾਲ ਚੁੰਨੀ ਬੰਨ੍ਹ ਕੇ ਅਤੇ ਦੂਜਾ ਹਿੱਸਾ ਗਲੇ ‘ਚ ਪਾ ਕੇ ਛਾਲ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।ਐੱਸ.ਐੱਚ.ਓ. ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਿਸ਼ਨਾ ਨਗਰ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਵਜੋਂ ਹੋਈ ਹੈ।