maur village barnala: ਦਿੱਲੀ ਕਿਸਾਨ ਮੋਰਚੇ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਤਿੰਨੋਂ ਆਰਡੀਨੈਂਸ ਬਿੱਲਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਠੰਡ ਦੇ ਮੌਸਮ ਨੂੰ ਦੇਖਦਿਆਂ ਹੋਇਆ ਵੱਖੋ-ਵੱਖਰੀਆਂ ਸਮਾਜਸੇਵੀ ਜਥੇਬੰਦੀਆਂ ਤੋਂ ਇਲਾਵਾ ਹੁਣ ਕਿਸਾਨਾਂ ਦੇ ਹੱਕ ਵਿਚ ਵਿਦੇਸ਼ਾਂ ਦੀ ਧਰਤੀ ‘ਤੇ ਬੈਠੇ ਪੰਜਾਬੀ ਐਨ.ਆਰ.ਆਈ ਭਰਾ ਆਪਣਾ ਵਿਸੇਸ਼ ਸਹਿਯੋਗ ਭੇਜ ਰਹੇ ਹਨ। ਇਸੇ ਦੇ ਚਲਦਿਆਂ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਮੁੱਖ ਪ੍ਰਬੰਧਕ ਜਥੇਦਾਰ ਜਗਸੀਰ ਸਿੰਘ ਖ਼ਾਲਸਾ ਮੌੜ ਦੀ ਅਗਵਾਹੀ ਵਿੱਚ ਠੰਢ ਦੇ ਮੌਸਮ ਨੂੰ ਵੇਖਦਿਆਂ ਹੋਇਆਂ ਦਿੱਲੀ ਸੰਘਰਸ਼ ਵਿਚ ਬੈਠੇ ਕਿਸਾਨ ਭਰਾਵਾਂ,ਭੈਣਾਂ ਬਜ਼ੁਰਗਾਂ ਅਤੇ ਨੌਜਵਾਨਾਂ ਲਈ ਅੱਜ ਸੈਂਕੜੇ ਬਿਸਤਰੇ,ਦੇਸੀ ਗੀਜ਼ਰ ਅਤੇ ਕੰਬਲਾਂ ਦਾ ਭਰਿਆ ਇਕ ਟਰੱਕ ਪਿੰਡ ਮੌੜ ਜ਼ਿਲ੍ਹਾ ਬਰਨਾਲਾ ਤੋਂ ਦਿੱਲੀ ਲਈ ਰਵਾਨਾ ਹੋ ਗਿਆ। ਇਸ ਮੌਕੇ ਸਿੱਖ ਸੇਵਾ ਸੁਸਾਇਟੀ ਦੇ ਮੁੱਖ ਪ੍ਰਬੰਧਕ ਅਤੇ ਉੱਘੇ ਸਮਾਜ ਸੇਵੀ ਜਥੇਦਾਰ ਜਗਸੀਰ ਸਿੰਘ ਮੌੜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ।
ਅੱਜ ਸਾਡੇ ਪੰਜਾਬ ਦੀ ਕਿਸਾਨੀ ਜਿਸ ਵਿੱਚ ਕਿਸਾਨ ਭਰਾ, ਭੈਣਾਂ, ਬਜ਼ੁਰਗ, ਨੌਜਵਾਨ ਅਤੇ ਛੋਟੇ-ਛੋਟੇ ਮਾਸੂਮ ਬੱਚੇ ਪਰਿਵਾਰਾਂ ਸਮੇਤ ਆਪਣੇ ਹੱਕਾਂ ਲਈ ਕੜਾਕੇ ਦੀ ਠੰਢ ਵਿੱਚ ਦਿੱਲੀ ਰੋਸ ਧਰਨੇ ਵਿੱਚ ਬੈਠੇ ਹਨ। ਜਿਸ ਲਈ ਵਿਦੇਸ਼ਾਂ ਵਿੱਚ ਬੈਠੇ ਐੱਨ.ਆਰ.ਆਈ ਦੇ ਵਿਸ਼ੇਸ਼ ਸਹਿਯੋਗ ਨਾਲ ਲੱਖਾਂ ਰੁਪਏ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਬੈਠੇ ਐੱਨ.ਆਰ.ਆਈ ਦੇ ਵਿਸ਼ੇਸ਼ ਸਹਿਯੋਗ ਨਾਲ ਦਿੱਲੀ ਕਿਸਾਨ ਮੋਰਚੇ ਲਈ 200 ਬਿਸਤਰੇ,100 ਦੇਸੀ ਗੀਜ਼ਰਾਂ ਅਤੇ 100 ਕੰਬਲਾਂ ਦਾ ਭਰਿਆ ਹੋਇਆ ਟਰੱਕ ਰਵਾਨਾ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਕਿਸਾਨ ਕੜਾਕੇ ਦੀ ਠੰਢ ਨਾਲ ਬੀਮਾਰ ਨਾ ਹੋ ਸਕੇ। ਜਥੇਦਾਰ ਜਗਸੀਰ ਸਿੰਘ ਮੋੜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਥੇਦਾਰ ਰਣਜੀਤ ਸਿੰਘ ਐਕਸਫੋਰਡ ਕਨੇਡਾ ਵੱਲੋਂ 2 ਲੱਖ 50 ਹਜਾਰ,ਸੁਖਜਿੰਦਰ ਸਿੰਘ ਜਰਮਨ ਵੱਲੋਂ 16 ਹਜਾਰ ਪੰਜ ਸੌ ਅਤੇ ਵਿਨੀਪੈੱਗ ਕੈਨੇਡਾ ਤੋਂ ਨਰਿੰਦਰ ਸ਼ਰਮਾ ਨੇ 10 ਹਜ਼ਾਰ ਦੀ ਸਹਾਇਤਾ ਰਾਸ਼ੀ ਭੇਜ ਕੇ ਦਿੱਲੀ ਕਿਸਾਨ ਮੋਰਚੇ ਵਿੱਚ ਆਪਣਾ ਬਣਦਾ ਸਹਿਯੋਗ ਪਾਇਆ ਹੈ।
ਉਨ੍ਹਾਂ ਕਿਹਾ ਕਿ ਉੱਘੇ ਸਮਾਜਸੇਵੀ ਜਥੇਦਾਰ ਰਣਜੀਤ ਸਿੰਘ ਐਕਸਫੋਰਡ ਕੈਨੇਡਾ ਵੱਲੋਂ ਪਹਿਲਾਂ ਵੀ ਸ਼ੰਭੂ ਵਾਰਡਰ ਤੇ ਇੱਕ ਲੱਖ ਰੁਪਏ ਦੀ ਮਦਦ ਰਾਸ਼ੀ ਦੀਪ ਸਿਧੂ ਅਤੇ ਇੱਕ ਲੱਖ ਰੁਪਏ ਦੀ ਮਦਦ ਰਾਸ਼ੀ ਜਸਕਰਨ ਸਿੰਘ ਕਾਂਹਨਸਿੰਘਵਾਲਾ ਵੱਲੋਂ ਲੱਗੇ ਕਿਸਾਨੀ ਮੋਰਚੇ ਵਿੱਚ ਕੁੱਲ ਦੋ ਲੱਖ ਰੁਪਏ ਦੀ ਮਦਦ ਕੀਤੀ ਗਈ ਸੀ। ਜਥੇਦਾਰ ਜਗਸੀਰ ਸਿੰਘ ਮੌੜ ਨੇ ਕਿਹਾ ਕਿ ਐੱਨ.ਆਰ.ਆਈ ਭਰਾ ਹਮੇਸ਼ਾ ਪੰਜਾਬ ਦੀ ਤਰੱਕੀ ਦੇਖਣਾ ਚਾਹੁੰਦੇ ਹਨ ਅਤੇ ਹਰ ਵਕਤ ਪੰਜਾਬੀਆਂ ਦੇ ਦੁੱਖ-ਸੁੱਖ ਵਿੱਚ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਆਪਣਾ ਬਣਦਾ ਸਹਿਯੋਗ ਦਿੰਦੇ ਰਹਿਣਗੇ। ਇਹ ਵੀ ਕਿਹਾ ਕਿ ਇਸ ਕਿਸਾਨੀ ਸੰਘਰਸ ਵਿੱਚ ਕਈ ਕਿਸਾਨ ਸ਼ਹੀਦੀਆਂ ਵੀ ਪਾ ਚੁੱਕੇ ਹਨ ਪਰ ਸੈਂਟਰ ਦੀ ਸਰਕਾਰ ਅਜੇ ਤੱਕ ਆਪਣੀ ਚੌਧਰ ‘ਤੇ ਅੜੀ ਹੋਈ ਹੈ। ਉਨ੍ਹਾਂ ਸੈਂਟਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਲਦ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਜਾਵੇ ਨਹੀਂ ਤਾਂ ਪੰਜਾਬ ਦੇ ਕਿਸਾਨ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ ‘ਤੇ ਹੋਰ ਸੰਘਰਸ਼ ਉਲੀਕ ਕੇ ਸੈਂਟਰ ਸਰਕਾਰ ਦਾ ਤਖ਼ਤਾ ਪਲਟ ਦੇਣਗੇ।