mayor balkar singh sandhu warning: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਨਿਕਲਦੇ ਰੋਜ਼ਾਨਾ ਕਰੀਬ 1100 ਟਨ ਕੂੜੇ ਦਾ ਆਧੁਨਿਕ ਢੰਗਨਾਲ ਨਿਪਟਾਰਾ ਨਾ ਹੋਣ ਦੇ ਹੱਲ ਲਈ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਮੇਅਰ ਸ. ਸੰਧੂ ਨੇ ਨਿੱਜੀ ਕੰਪਨੀ ਨੂੰ ਸਪੱਸ਼ਟ ਕੀਤਾ ਕਿ ਜੇਕਰ ਕੂੜੇ ਦਾ ਨਿਪਟਾਰਾ ਨਹੀਂ ਕਰ ਸਕਦੀ ਤਾਂ ਪਿੱਛੇ ਹੱਟ ਸਕਦੀ ਹੈ, ਨਗਰ ਨਿਗਮ ਪ੍ਰਸ਼ਾਸਨ ਖ਼ੁਦ ਪ੍ਰਬੰਧ ਕਰ ਲਵੇਗਾ ।ਦੱਸ ਦੇਈਏ ਕਿ ਬੀਤੇ ਦਿਨ ਹੋਈ ਮੀਟਿੰਗ ‘ਚ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਸੰਯੁਕਤ ਕਮਿਸ਼ਨਰ ਮੈਡਮ ਸਿਵਾਤੀ ਟਿਵਾਣਾ, ਸੀਨੀਅਰ ਵਾਤਾਵਰਨ ਇੰਜੀਨੀਅਰ ਸੰਦੀਪ ਬਹਿਲ, ਵਾਤਾਵਰਨ ਇੰਜੀਨੀਅਰ ਪਰਮਜੀਤ ਸਿੰਘ ਤੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਆਦਿ ਪਹੁੰਚੇ ਸੀ।
ਜ਼ਿਕਰਯੋਗ ਹੈ ਕਿ ਨੈਸ਼ਨਲ ਗ੍ਰੀਨ ਟਰਬਿਊਨਿਲ ਵਲੋਂ ਕਾਇਮ ਕੀਤੀ ਮੋਨੀਟਰਿੰਗ ਕਮੇਟੀ ਦੀ ਟੀਮ ਮੈਂਬਰਾਂ ਵਲੋਂ ਸਥਾਨਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਸ਼ਹਿਰ ‘ਚੋਂ ਨਿਕਲਦੇ ਕੂੜੇ ਦਾ ਨਿਪਟਾਰਾ ਨਾ ਹੋਣ ਦਾ ਮਾਮਲਾ ਉਠਾਇਆ ਸੀ, ਜਿਸ ਕਾਰਨ ਨਗਰ ਨਿਗਮ ਅਧਿਕਾਰੀਆਂ ‘ਚ ਖਲਬਲੀ ਮੱਚੀ ਹੋਈ ਹੈ । ਐੱਨ.ਜੀ.ਟੀ. ਵਲੋਂ ਕੂੜੇ ਦਾ ਨਿਪਾਟਾਰ ਨਾ ਹੋਣ ‘ਤੇ ਬੈਕ ਗ੍ਰੀਟੀ ਵੀ ਲਗਾਈ ਹੋਈ ਹੈ। ਮੀਟਿੰਗ ਦੌਰਾਨ ਏ.ਟੂ.ਜੈੱਡ ਕੰਪਨੀ ਦੇ ਨੁਮਾਇੰਦਿਆਂ ਨੇ ਮੇਅਰ ਨੂੰ ਦੱਸਿਆ ਕਿ ਕੂੜੇ ਦੇ ਨਿਪਟਾਰੇ ਲਈ ਮੁੱਖ ਕੂੜਾ ਘਰ ‘ਚ ਪਲਾਂਟ ਚਲਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਹਿਮਤੀ ਨਹੀਂ ਦਿੱਤੀ ਜਾ ਰਹੀ, ਜਿਸ ‘ਤੇ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਨੇ ਏ ਟੂ ਜੈੱਡ ਕੰਪਨੀ ਦੀ ਕਾਰਗੁਜ਼ਾਰੀ ਠੀਕ ਨਾ ਹੋਣ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੂੜੇ ਦੀ ਸਾਂਭ ਸੰਭਾਲ ਲਈ ਪਲਾਂਟ ਲਗਾਉਣ ਲਈ 2017 ਤੱਕ ਸਹਿਮਤੀ ਦਿੱਤੀ ਹੋਈ ਸੀ ਪਰ ਨਿੱਜੀ ਕੰਪਨੀ ਵਲੋਂ ਹੁਣ ਤੱਕ ਵੀ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ।
ਅਧਿਕਾਰੀਆਂ ਨੇ ਕਿਹਾ ਕਿ ਜੇਕਰ ਏ ਟੂ ਜੈੱਡ ਕੰਪਨੀ ਸ਼ਹਿਰ ‘ਚੋਂ ਨਿਕਲਦੇ 100 ਫੀਸਦੀ ਕੂੜੇ ਦੀ ਨਾਲੋਂ ਨਾਲ ਸੰਭਾਲ ਦਾ ਵਿਸ਼ਵਾਸ਼ ਦਿਵਾਏ ਤਾਂ ਪਲਾਂਟ ਚਲਾਉਣ ਲਈ ਸਹਿਮਤੀ ਦਿੱਤੀ ਜਾ ਸਕਦੀ ਹੈ। ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਦੀ ਦਲੀਲ ਸੁਣਨ ਤੋਂ ਬਾਅਦ ਮੇਅਰ ਸੰਧੂ ਨੇ ਏ ਟੂ ਜੈੱਡ ਕੰਪਨੀ ਦੇ ਨੁਮਾਇੰਦਿਆਂ ਦੀ ਜੰਮ ਕੇ ਕਲਾਸ ਲਗਾਈ ਅਤੇ ਚਿਤਾਵਨੀ ਦਿੱਤੀ ਕਿ ਕੰਪਨੀ ਆਪਣਾ ਇੰਤਜਾਮ ਕਰ ਲਵੇ, ਨਗਰ ਨਿਗਮ ਪ੍ਰਸ਼ਾਸਨ ਕੂੜੇ ਦੀ ਸੰਭਾਲ ਦਾ ਪ੍ਰਬੰਧ ਕਰ ਲਵੇਗਾ ।