MC commissioner officials projects: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੀ ਜ਼ਿਲ੍ਹਾ ਪੱਧਰੀ ਤਕਨੀਕੀ ਕਮੇਟੀ ਦੀ ਮੀਟਿੰਗ ਸੀ.ਈ.ਓ. ਤੇ ਕਮਿਸ਼ਨਰ ਪ੍ਰਦੀਪ ਸਭਰਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਈ ਪ੍ਰੋਜੈਕਟਾਂ ‘ਤੇ ਵਿਚਾਰ ਕੀਤਾ ਗਿਆ। ਸ਼ਹਿਰ ‘ਚ ਸਮਾਰਟ ਸਿਟੀ ਯੋਜਨਾ ਤਹਿਤ ਚੱਲ ਰਹੇ ਪ੍ਰੋਜੈਕਟ ਦੀ ਮੀਟਿੰਗ ਦੌਰਾਨ ਸਮੀਖਿਆ ਕੀਤੀ ਗਈ ਅਤੇ ਪ੍ਰਸਤਾਵਿਤ ਪ੍ਰੋਜੈਕਟਾਂ ਲਈ ਲੋੜੀਂਦੀ ਕਾਰਵਾਈ ਜਲਦੀ ਮੁਕੰਮਲ ਕਰਨ ਦੀ ਹਦਾਇਤ ਦਿੱਤੀ |
ਦੱਸਣਯੋਗ ਹੈ ਕਿ ਲਾਕਡਾਊਨ ਦੌਰਾਨ ਤੱਤਕਾਲੀਨ ਸੀ.ਈ.ਓ. ਸੰਯਮ ਅਗਰਵਾਲ ਜ਼ਿਲ੍ਹਾ ਪੱਧਰੀ ਤਕਨੀਕੀ ਕਮੇਟੀ ਦੀ ਆਨਲਾਈਨ ਮੀਟਿੰਗ ਕੀਤੀ ਜਾਂਦੀ ਸੀ ਪਰ ਬੀਤੇ ਦਿਨ ਭਾਵ ਸੋਮਵਾਰ ਨੂੰ ਆਮ ਵਾਂਗ ਮੀਟਿੰਗ ਹੋਈ, ਜੋ ਕਰੀਬ 2 ਘੰਟੇ ਚੱਲੀ। ਇਸ ਮੀਟਿੰਗ ਦੌਰਾਨ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਾਇਰ ਬਿ੍ਗੇਡ ਵਿਭਾਗ ਲੁਧਿਆਣਾ ਨੂੰ ਮੁਬੰਈ, ਬੈਂਗਲੌਰ, ਦਿੱਲੀ ਦੀ ਤਰਜ਼ ‘ਤੇ ਅਪਗ੍ਰੇਡ ਕਰਨ ‘ਤੇ ਵਿਚਾਰ ਕੀਤਾ ਗਿਆ। ਲੁਧਿਆਣਾ ‘ਚ ਦੇਸ਼ ਦੇ ਦੂਸਰੇ ਮਹਾਂਨਗਰ ਵਾਂਗ ਬਹੁਮੰਜ਼ਿਲੀ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ ਪਰ ਫਾਇਰ ਬਿ੍ਗੇਡ ਵਿਭਾਗ ਕੋਲ ਸਟਾਫ ਅਤੇ ਸਾਜ਼ੋ ਸਾਮਾਨ ਜਿਸ ‘ਚ ਹਾਈਡਰੌਲਿਕ ਪੋੜੀ, ਭੀੜੇ ਇਲਾਕਿਆਂ ਵਿ’ਚ ਜਾਣ ਲਈ ਛੋਟੇ ਵਾਹਨ, ਸਟਾਫ ਦੀ ਸੁਰੱਖਿਆ ਦਾ ਸਾਜ਼ੋ ਸਾਮਾਨ ਸ਼ਾਮਿਲ ਹੈ ਆਦਿ ਮੌਜੂਦ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਯੋਜਨਾ ਤਹਿਤ ਫਾਇਰ ਬਿ੍ਗੇਡ ਵਿਭਾਗ ਨੂੰ ਅਪਗ੍ਰੇਡ ਕਰਨ ਲਈ ਕਰੀਬ 25 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਖਾਕਾ ਤਿਆਰ ਕੀਤਾ ਗਿਆ ਸੀ, ਜਿਸ ‘ਤੇ ਜਲਦੀ ਕਾਰਵਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ।