MD Rajni Bector Padmashri Award: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਹਰ ਖੇਤਰ ‘ਚ ਔਰਤਾਂ ਮਰਦਾਂ ਤੋਂ ਵੱਧ ਕੇ ਕੰਮ ਕਰ ਰਹੀਆਂ ਹਨ ਅਤੇ ਬੁਲੰਦੀਆਂ ਛੋਹ ਰਹੀਆਂ ਹਨ। ਜਿਸ ਦੇ ਚੱਲਦੇ ਸਾਲ 1978 ‘ਚ ਸਿਰਫ 300 ਰੁਪਏ ਨਾਲ ਸ਼ੁਰੂ ਕਰਨ ਵਾਲੀ ਲੁਧਿਆਣਾ ਦੀ ਮਹਿਲਾ, ਅੱਜ ਕਰੋੜਾਂ ਰੁਪਏ ਦਾ ਟਰਨਓਵਰ ਕਮਾ ਰਹੀ ਹੈ, ਜੀ ਹਾਂ ਗੱਲ ਕਰ ਰਹੇ ਹਾਂ ਲੁਧਿਆਣਾ ‘ਚ ਕਰੇਮਿਕਾ ਕੰਪਨੀ ਦੀ ਐੱਮ.ਡੀ. ਰਜਨੀ ਬੈਕਟਰ ਦੀ, ਜਿਨ੍ਹਾਂ ਨੂੰ ਸਰਵ ਉੱਚ ਪਦਮਸ੍ਰੀ ਐਵਾਰਡ ਨਾਲ ਨਿਵਾਜਿਆ ਜਾਵੇਗਾ। ਦੱਸ ਦੇਈਏ ਕਿ 79 ਸਾਲ ਦੀ ਰਜਨੀ ਬੈਕਟਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਫੂਡ ਸਿਖਲਾਈ ਦਾ ਕੋਰਸ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜਕੇ ਨਹੀਂ ਵੇਖਿਆ, ਉਹ ਅੱਜ ਦੇਸ਼ ਭਰ ਦੀਆਂ ਬੇਕਰੀ ‘ਚ 12 ਫ਼ੀਸਦੀ ਤੋਂ ਵੱਧ ਦੀ ਹਿੱਸੇਦਾਰ ਹੈ ਅਤੇ ਮੈਕਡੋਨਲਡ ਵਰਗੇ ਵੱਡੇ-ਵੱਡੇ ਬ੍ਰੈਂਡਾਂ ਨੂੰ ਉਨ੍ਹਾਂ ਵੱਲੋਂ ਹੀ ਬਰੈੱਡ ਸਪਲਾਈ ਕੀਤੀ ਜਾਂਦੀ ਹੈ। ਇੱਕ ਔਰਤ ਹੋਣ ਦੇ ਬਾਵਜੂਦ ਇਸ ਮੁਕਾਮ ‘ਤੇ ਪਹੁੰਚਣਾ ਉਨ੍ਹਾਂ ਲਈ ਕੋਈ ਛੋਟੀ ਗੱਲ ਨਹੀਂ ਸੀ।
ਆਪਣੀ ਸਫਲਤਾ ਨੂੰ ਲੈ ਕੇ ਐੱਮ.ਡੀ. ਰਜਨੀ ਬੈਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਕੁਕਿੰਗ ਦਾ ਬਹੁਤ ਸ਼ੌਕ ਸੀ। ਉਹ ਆਪਣੇ ਬੱਚਿਆਂ ਲਈ ਸ਼ੌਕ ਨਾਲ ਖਾਣਾ ਬਣਾਉਂਦੀ ਹੁੰਦੀ ਸੀ। ਫੇਰ ਉਨ੍ਹਾਂ ਨੇ ਇੱਕ ਛੋਟੀ ਜਿਹੀ ਕੰਪਨੀ ਤੋਂ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਘਰ ਦੇ ‘ਚ ਇੱਕ 300 ਰੁਪਏ ਦੀ ਮਸ਼ੀਨ ਲਿਆ ਕੇ ਇਹ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਵਿਆਹ ਸ਼ਾਦੀਆਂ ‘ਚ ਉਨ੍ਹਾਂ ਨੂੰ ਬੁਕਿੰਗ ਮਿਲਣ ਲੱਗੀ। ਫਿਰ ਉਨ੍ਹਾਂ ਬ੍ਰੈਡ ਕੰਪਨੀ ਖੋਲ੍ਹੀ ਤੇ ਜਦੋਂ ਮੈਕਡੋਨਲਡ ਭਾਰਤ ਆਇਆ ਤਾਂ ਉਨ੍ਹਾਂ ਨੂੰ ਚੰਗੀ ਕੁਆਲਿਟੀ ਦੇ ਬਰਗਰ ਦੀ ਲੋੜ ਸੀ, ਜੋ ਕਰੈਮਿਕਾ ਵੱਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਵਪਾਰ ਸ਼ੁਰੂ ਕੀਤਾ ਸੀ, ਉਸ ਵੇਲੇ ਮਹਿਲਾਵਾਂ ਅਜਿਹੇ ਕੰਮ ਨਹੀਂ ਕਰਦੀਆਂ ਸੀ। ਜਿਸ ਕਰਕੇ ਉਨ੍ਹਾਂ ਨੂੰ ਵੀ ਕਈ ਵਾਰ ਗੱਲਾਂ ਸੁਣਨ ਨੂੰ ਮਿਲੀਆਂ ਪਰ ਉਨ੍ਹਾਂ ਨੇ ਕਿਸੇ ਦੀ ਪਰਵਾਹ ਕੀਤੇ ਬਿਨਾਂ ਆਪਣਾ ਕੰਮ ਜਾਰੀ ਰੱਖਿਆ। ਉਨ੍ਹਾਂ ਨੌਜਵਾਨ ਪੀੜ੍ਹੀ ਖਾਸ ਕਰਕੇ ਔਰਤਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਮਰਦਾਂ ਤੋਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਬਰਾਬਰ ਖੜ੍ਹਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੰਮ ਜ਼ਮੀਨੀ ਪੱਧਰ ਤੋਂ ਹੋਣਾ ਚਾਹੀਦਾ ਹੈ ਅਤੇ ਜੇਕਰ ਤੁਹਾਡੀ ਕੁਆਲਿਟੀ ਦੇ ‘ਚ ਤੁਸੀਂ ਕੋਈ ਸਮਝੌਤਾ ਨਹੀਂ ਕਰਦੇ ਤਾਂ ਕਾਮਯਾਬੀ ਖ਼ੁਦ ਤੁਹਾਡੇ ਕਦਮ ਚੁੰਮਦੀ ਹੈ।
ਇਹ ਵੀ ਦੇਖੋ—