MLA Manpreet Ayali Farmers Bill: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਫਿਰੋਜ਼ਪੁਰ ਰੋਡ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਧਰਨਾ ਲਾਇਆ, ਜਿਸ ਦੀ ਅਗਵਾਈ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਗੱਲ਼ਬਾਤ ਕੀਤੀ ਗਈ ਤਾਂ ਵਿਧਾਇਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ ਦੀ ਪਾਰਟੀ ਰਹੀ ਹੈ ਅਤੇ ਅੱਜ ਕਿਸਾਨਾਂ ਵਿਰੋਧੀ ਜੋ ਬਿੱਲ ਪਾਸ ਕੀਤਾ ਗਿਆ ਹੈ, ਇਸ ਦੇ ਲਈ ਅਸੀ ਕਿਸਾਨਾਂ ਨੂੰ ਪੁਰਜ਼ੋਰ ਸਮਰਥਨ ਦੇ ਰਹੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਾਡੇ ਲਈ ਪਹਿਲਾਂ ਕਿਸਾਨ ਅਤੇ ਫਿਰ ਰਾਜਨੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਕਾਫੀ ਪੁਰਾਣਾ ਗਠਜੋੜ ਹੈ ਪਰ ਫਿਰ ਵੀ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਵੱਲੋਂ ਅਸਤੀਫਾ ਦੇ ਕੇ ਇਹ ਸਾਬਿਤ ਕੀਤਾ ਗਿਆ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ। ਸਾਡੇ ਲਈ ਕਿਸਾਨਾਂ ਪਹਿਲਾਂ ਹਨ ਤੇ ਫਿਰ ਰਾਜਨੀਤੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹੱਕ ਲਈ ਡਟਿਆ ਰਿਹਾ ਹੈ। ਜੇਕਰ ਪੰਜਾਬ ਦਾ ਕਿਸਾਨ ਖੁਸ਼ਹਾਲ ਹੈ ਤਾਂ ਕਿਸਾਨ ਨਾਲ ਜੁੜੇ ਹਰ ਵਰਗ ਭਾਵ ਆੜਤੀਆਂ, ਵਪਾਰੀ ਤੇ ਦੁਕਾਨਦਾਰ ਸਾਰੇ ਹੀ ਖੁਸ਼ਹਾਲ ਹੋਣਗੇ। ਦੱਸਣਯੋਗ ਹੈ ਕਿ ਪੰਜਾਬ ਦੇ ਇਤਿਹਾਸ ‘ਚ ਅੱਜ ਪਹਿਲਾ ਦਿਨ ਅਜਿਹਾ ਹੈ, ਜਦੋਂ 3 ਪਾਰਟੀਆਂ ਇਕੋ ਮੰਚ ‘ਤੇ ਇੱਕਠੀਆਂ ਹੋ ਕੇ ਕਿਸਾਨਾਂ ਦੇ ਹੱਕ ਲਈ ਅੱਗੇ ਆਈਆਂ ਹਨ।