municipal corporation notice park: ਲੁਧਿਆਣਾ (ਤਰਸੇਮ ਭਾਰਦਵਾਜ)- ਹੈਬੋਵਾਲ ਡੇਅਰੀ ਕੰਪਲੈਕਸ ‘ਚ ਪਾਰਕਾਂ ਅਤੇ ਗ੍ਰੀਨ ਬੈਲਟਾਂ ‘ਤੇ ਕਬਜ਼ਾ ਕਰਨ ਵਾਲੇ 60 ਡੇਅਰੀ ਸੰਚਾਲਕਾਂ ਨੂੰ ਨਗਰ ਨਿਗਮ ਨੇ ਨੋਟਿਸ ਭੇਜਿਆ ਹੈ। ਨਿਗਮ ਨੇ ਇਨ੍ਹਾਂ ਨੂੰ ਥਾਵਾਂ ਖਾਲੀ ਕਰਨ ਲਈ ਆਦੇਸ਼ ਦਿੱਤੇ ਹਨ। ਨਿਗਮ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਇਹ ਕਬਜ਼ੇ ਖਾਲੀ ਨਹੀਂ ਕੀਤੇ ਗਏ ਤਾਂ ਉਸ ਤੋਂ ਬਾਅਦ ਜਬਰਦਸਤੀ ਖਾਲੀ ਕਰਵਾਏ ਜਾਣਗੇ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਦੱਸ ਦੇਈਏ ਕਿ ਨਗਰ ਨਿਗਮ ਵਲੋਂ ਵਿਕਸਤ ਕੀਤੀ ਸਕੀਮ ਹੈਬੋਵਾਲ ਡੇਅਰੀ ਕੰਪਲੈਕਸ ਦੇ ਦਰਜਨਾਂ ਪਾਰਕਾਂ ‘ਚ ਹੋਏ ਨਜਾਇਜ਼ ਕਬਜ਼ਿਆਂ ਦਾ ਸਰਵੇ ਕਰਨ ਤੋਂ ਬਾਅਦ ਇਮਾਰਤੀ ਸ਼ਾਖਾ ਨੇ ਸਰਕਾਰੀ ਪਾਰਕਾਂ ‘ਚੋਂ ਨਜਾਇਜ਼ ਕਬਜ਼ੇ ਖਾਲੀ ਕਰਾਉਣ ਲਈ ਕਾਬਿਜ਼ਕਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਕੌਂਸਲ ਆਫ਼ ਆਰ.ਟੀ.ਆਈ. ਐਕਟਵਿਸਟ ਦੇ ਪ੍ਰਧਾਨ ਰੋਹਿਤ ਸਭਰਵਾਲ ਵਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਇਮਾਰਤੀ ਸ਼ਾਖਾ ਨੇ ਕਰਾਏ ਸਰਵੇ ਦੌਰਾਨ 47 ਪਾਰਕਾਂ ‘ਤੇ ਨਜਾਇਜ਼ ਕਬਜ਼ਿਆਂ ਦੀ ਨਿਸ਼ਾਨਦੇਹੀ ਹੋਈ। ਸਹਾਇਕ ਨਿਗਮ ਯੋਜਨਾਕਾਰ ਜ਼ੋਨ ਡੀ. ਮਦਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਨਜਾਇਜ਼ ਕਾਬਿਜ਼ਕਾਰਾਂ ਨੂੰ ਨੋਟਿਸ ਭੇਜਕੇ ਹਦਾਇਤ ਦਿੱਤੀ ਹੈ ਕਿ 3 ਦਿਨਾਂ ਅੰਦਰ ਨਜਾਇਜ਼ ਕਬਜ਼ੇ ਖਾਲੀ ਕਰ ਦਿੱਤੇ ਜਾਵੇ। ਅਜਿਹਾ ਨਾ ਕਰਨ ‘ਤੇ ਨਗਰ ਨਿਗਮ ਵਲੋਂ ਨਿਯਮਾਂ ਅਨੁਸਾਰ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਰਕਾਂ ਦੀ ਜ਼ਮੀਨ ‘ਤੇ ਆਰਜ਼ੀ ਕਬਜ਼ੇ ਆਸਪਾਸ ਦੀਆਂ ਡੇਅਰੀਆਂ ਦੇ ਮਾਲਿਕਾਂ ਵਲੋਂ ਕਬਜ਼ਾ ਕੀਤਾ ਗਿਆ ਹੈ।