municipal envoys corona ward team: ਲੁਧਿਆਣਾ (ਤਰਸੇਮ ਭਾਰਦਵਾਜ)- ਹੁਣ ਸ਼ਹਿਰ ‘ਚ ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਨਗਰ ਨਿਗਮ ਆਪਣੇ ਦੂਤ ਤਾਇਨਾਤ ਕਰਨਗੇ। ਨਿਗਮ ਦੇ ਇਹ ਦੂਤ ਆਪਣੇ-ਆਪਣੇ ਵਾਰਡਾਂ ‘ਚ ਲੋਕਾਂ ਨੂੰ ਸ਼ਹਿਰ ‘ਚ ਫੈਲਾਈ ਜਾ ਰਹੀਆਂ ਅਫਵਾਹਾਂ ਤੋਂ ਦੂਰ ਰਹਿਣ ਅਤੇ ਵੱਧ ਤੋਂ ਵੱਧ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨਗੇ। ਇੰਨਾ ਹੀ ਨਹੀਂ ਲੋਕਾਂ ਨੂੰ ਵੱਖਰੀ-ਵੱਖਰੀ ਗਤੀਵਿਧੀਆਂ ਦੇ ਰਾਹੀਂ ਕੋਵਿਡ ਦੇ ਖਤਰਿਆਂ ਤੋਂ ਬਚਾਉਣ ਦੇ ਤਰੀਕਿਆਂ ਨਾਲ ਵੀ ਰੂਬਰੂ ਕਰਵਾਉਣਗੇ। ਵਾਰਡਾਂ ‘ਚ ਇਨ੍ਹਾਂ ਦੂਤਾਂ ਦੀ ਅਗਵਾਈ ਕੌਂਸਲਰ ਕਰਨਗੇ, ਜਿਸ ‘ਚ ਵਾਰਡ ਦੇ ਕੁਝ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਕਿ ਲੋਕ ਉਨ੍ਹਾਂ ਦੀਆਂ ਗੱਲਾਂ ਦਾ ਗੰਭੀਰਤਾ ਨਾਲ ਪਾਲਣ ਕਰਨ।ਇਸ ਦੇ ਲਈ ਹਰ ਟੀਮ ‘ਚ 5-5 ਮੈਂਬਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਨਗਰ ਨਿਗਮ ਮਿਸ਼ਨ ਫਤਿਹ ਤਹਿਤ ‘ਜਨ ਸਾਂਝੇਦਾਰੀ ਪ੍ਰੋਗਰਾਮ’ ਸ਼ੁਰੂ ਕਰ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਲੋਕਾਂ ਨੂੰ ਨਾਲ ਲੈ ਕੇ ਕੋਵਿਡ ਦੇ ਖਤਰੇ ਨੂੰ ਘੱਟ ਕਰਨ ਦੀ ਕੋਸ਼ਿਸ਼ ਪ੍ਰਸ਼ਾਸਨ ਵੱਲੋਂ ਕੀਤੀ ਜਾਵੇਗੀ। ਨਗਰ ਨਿਗਮ ਆਪਣੇ ਸਾਰੇ 95 ਵਾਰਡਾਂ ‘ਚ ਕੌਂਸਲਰਾਂ ਦੀ ਅਗਵਾਈ ‘ਚ 5 ਮੈਂਬਰੀ ਟੀਮਾਂ ਗਠਿਤ ਕਰੇਗੀ। ਇਸ ਟੀਮ ‘ਚ ਕੌਂਸਲਰ ਤੋਂ ਇਲਾਵਾ ਇਕ ਸਕੂਲ ਪ੍ਰਿੰਸੀਪਲ, ਇਕ ਸਵੈ-ਸੇਵੀ ਸੰਸਥਾ ਤੋਂ ਕੋਈ ਨੌਜਵਾਨ, ਧਾਰਮਿਕ ਸੰਸਥਾ ਦਾ ਮੈਂਬਰ ਅਤੇ ਸਿਹਤ ਵਿਭਾਗ ਦੇ ਇਕ ਕਰਮਚਾਰੀ ਨੂੰ ਸ਼ਾਮਿਲ ਕੀਤਾ ਜਾਵੇਗਾ। ਨਿਗਮ ਟੀਮਾਂ ਦਾ ਗਠਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਦੇ ਸਬੰਧਾਂ ‘ਚ ਟ੍ਰੇਨਿੰਗ ਦੇਵੇਗਾ।ਉਸ ਤੋਂ ਬਾਅਦ ਇਹ ਟੀਮ ਆਪਣੇ ਆਪਣੇ ਵਾਰਡਾਂ ‘ਚ 10-10 ਟੀਮਾਂ ਦਾ ਗਠਨ ਕਰੇਗਾ। ਕੌਂਸਲਰ ਦੀ ਅਗਵਾਈ ‘ਚ ਗਠਿਤ ਟੀਮ ਆਪਣੇ ਅਧੀਨ ਨਿਯੁਕਤ ਕੀਤੀ ਗਈਆਂ ਸਾਰੀਆਂ ਟੀਮਾਂ ਦੇ ਨਾਲ ਇਲਾਕੇ ‘ਚ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਗੇ। ਇਸ ‘ਚ ਸਭ ਤੋਂ ਜ਼ਿਆਦਾ ਧਿਆਨ ਲੋਕਾਂ ਨੂੰ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨ ‘ਤੇ ਰਹੇਗਾ ਤਾਂ ਕਿ ਕੋਰੋਨਾ ਨੂੰ ਖਤਮ ਕੀਤਾ ਜਾ ਸਕੇ।