newborn baby died civil hospital: ਲੁਧਿਆਣਾ (ਤਰਸੇਮ ਭਾਰਦਵਾਜ)-ਇਕ ਵਾਰ ਫਿਰ ਸਿਹਤ ਵਿਭਾਗ ਸਵਾਲਾਂ ਦੇ ਘੇਰੇ ‘ਚ ਉਸ ਸਮੇਂ ਫਸਦਾ ਨਜ਼ਰ ਆਇਆ, ਜਦੋਂ ਹਸਪਤਾਲ ‘ਚ ਨਵਜੰਮੇ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਖੰਨਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਈ ਹੈ, ਜਿੱਥੇ ਸਿਰਫ 5 ਦਿਨਾਂ ਦੇ ਬੱਚੇ ਦੀ ਹਸਪਤਾਲ ਸਟਾਫ ਵੱਲੋਂ ਸਹੀ ਤਰੀਕੇ ਨਾਲ ਇਲਾਜ ਨਾ ਕਰਨ ਕਾਰਨ ਮੌਤ ਹੋ ਗਈ ਹੈ, ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਾਕਟਰਾਂ ‘ਤੇ ਗੰਭੀਰ ਦੋਸ਼ ਲਾਏ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ।
ਇਸ ਮਾਮਲੇ ਸਬੰਧੀ ਭੁਪਿੰਦਰ ਸਿੰਘ ਵਾਸੀ ਪਿੰਡ ਚਕੋਹੀ ਨੇ ਦੱਸਿਆ ਕਿ ਉਸਨੇ ਖੰਨਾ ਦੇ ਸਿਵਲ ਹਸਪਤਾਲ ‘ਚ ਆਪਣੀ ਪਤਨੀ ਗਗਨਦੀਪ ਕੌਰ ਨੂੰ ਦਾਖਲ ਕਰਵਾਇਆ ਸੀ, ਤੇ ਇੱਥੇ ਉਸ ਦੀ ਪਤਨੀ ਦਾ ਵੱਡੇ ਅਪਰੇਸ਼ਨ ਨਾਲ ਲੜਕਾ ਪੈਦਾ ਹੋਇਆ ਸੀ ਪਰ ਬੱਚੇ ਦੀ ਤਬੀਅਤ ਕਾਫੀ ਖਰਾਬ ਹੋ ਗਈ ਸੀ ਜਿਸ ਸਬੰਧੀ ਪਰਿਵਾਰਿਕ ਮੈਂਬਰਾਂ ਵੱਲੋਂ ਨਰਸਾਂ ਅਤੇ ਡਾਕਟਰਾਂ ਨੂੰ ਦੱਸਿਆ ਗਿਆ ਪਰ ਉਨ੍ਹਾਂ ਵੱਲੋਂ ਬੱਚੇ ਦਾ ਇਲਾਜ ਨਹੀ ਕੀਤਾ ਗਿਆ, ਸਗੋਂ ਨਰਸਾਂ ਕੰਨਾਂ ‘ਚ ਹੈੱਡਫੋਨ ਲਾ ਕੇ ਬੈਠੀਆਂ ਰਹੀਆਂ, ਜਿਸ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਗੁੱਸਾ ਜਤਾਇਆ ਅਤੇ ਉਨ੍ਹਾਂ ਨੇ ਹਸਪਤਾਲ ਦੇ ਮੇਨ ਦਰਵਾਜ਼ੇ ਨੂੰ ਜਿੰਦਾ ਮਾਰ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਡਿਊਟੀ ‘ਤੇ ਹਾਜ਼ਰ ਸਟਾਫ ਨਰਸਾਂ ਨੇ ਆਪਣੇ ਕੰਨਾਂ ‘ਚ ਹੈੱਡਫੋਨ ਲਾਏ ਹੋਏ ਸਨ ਪਰ ਬੱਚਾ ਦੀ ਗੰਭੀਰ ਸਥਿਤੀ ਹੋਣ ਦੇ ਬਾਵਜੂਦ ਕੋਈ ਗੱਲ ਨਹੀਂ ਸੁਣੀ।
ਜਦੋਂ ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਸਰਜਨ ਡਾ. ਮਨਿੰਦਰ ਭਸੀਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬੱਚੇ ਦੀ ਮੌਤ ਮਾਂ ਵੱਲੋਂ ਦੁੱਧ ਪਿਆਉਣ ਤੋਂ ਬਾਅਦ ਬੱਚੇ ਦੇ ਫੇਫੜਿਆਂ ‘ਚ ਜਾਣ ਕਾਰਨ ਹੋਈ ਹੈ। ਜੇਕਰ ਫਿਰ ਵੀ ਪਰਿਵਾਰਕ ਮੈਂਬਰਾਂ ਨੂੰ ਕੁਝ ਅਣਗਹਿਲੀ ਲੱਗਦੀ ਹੈ ਤਾਂ ਉਹ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਜਾਂਚ ਕਰਵਾ ਸਕਦੇ ਹਨ। ਇਸ ਮਾਮਲੇ ਸਬੰਧੀ ਥਾਣਾ ਸਿਟੀ -2 ਦੇ ਐੱਸ.ਐੱਚ.ਓ ਲਾਭ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ‘ਤੇ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।