NIA accused murder comrade balwinder singh: ਲੁਧਿਆਣਾ (ਤਰਸੇਮ ਭਾਰਦਵਾਜ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) ਦੀ ਟੀਮ ਨੇ ਸੋਮਵਾਰ ਸਵੇਰਸਾਰ ਤਰਨਤਾਰਨ ਦੇ ਪਿੰਡ ਭਿੱਖੀਵਿੰਡ ‘ਚ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ‘ਚ ਸ਼ਾਮਿਲ 5 ਮੁਲਜ਼ਮ ਨੌਜਵਾਨਾਂ ਨੂੰ ਲੈ ਕੇ ਲੁਧਿਆਣਾ ਪਹੁੰਚੀ। ਇੱਥੇ ਟੀਮ ਨੇ ਮੁਲਜ਼ਮਾਂ ਦੇ ਘਰਾਂ ਅਤੇ ਹੋਰ ਠਿਕਾਣਿਆਂ ‘ਤੇ ਜਾ ਕੇ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਦੇਰ ਸ਼ਾਮ ਤੱਕ ਪੁਲਿਸ ਉਨ੍ਹਾਂ ਨੂੰ ਸ਼ਹਿਰ ‘ਚ ਲੈ ਕੇ ਜਾਂਚ ‘ਚ ਜੁੱਟੀ ਰਹੀ। ਏ.ਡੀ.ਸੀ.ਪੀ ਕ੍ਰਾਈਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਐੱਨ.ਆਈ.ਏ ਨੇ ਦੋਸ਼ੀਆਂ ਦੀ ਸਿਵਲ ਹਸਪਤਾਲ ‘ਚ ਮੈਡੀਕਲ ਜਾਂਚ ਕਰਵਾਈ ਅਤੇ ਉਨਾਂ ਨੂੰ ਵਾਪਸ ਲੈ ਗਈ।
ਦੱਸਣਯੋਗ ਹੈ ਕਿ ਮੁਲਜ਼ਮਾਂ ‘ਚ ਹੁਸੈਨਪੁਰ ਦਾ ਰਹਿਣ ਵਾਲਾ 20 ਸਾਲਾਂ ਰਵਿੰਦਰ ਸਿੰਘ, ਕਰਤਾਰ ਨਗਰ ਦਾ 27 ਸਾਲਾਂ ਜਗਰੂਪ ਸਿੰਘ, ਸਲੇਮ ਟਾਬਰੀ ਦਾ 21 ਸਾਲਾਂ ਅਕਾਸ਼ਦੀਪ, ਲੋਹਾਰਾ ਕਰਤਾਰ ਕਾਲੋਨੀ ਦਾ 23 ਸਾਲਾਂ ਪ੍ਰਭਜੀਤ ਸਿੰਘ ਅਤੇ ਰਾਹੋ ਰੋਡ ਚੰਦਰਲੋਕ ਕਾਲੋਨੀ ਦਾ 23 ਸਾਲਾਂ ਰਵੀ ਕੁਮਾਰ ਸ਼ਾਮਲ ਹੈ। ਐੱਨ.ਆਈ.ਏ ਉਨ੍ਹਾਂ ਤੋਂ ਪੁੱਛਗਿੱਛ ਕਰ ਸੁਰਾਗ ਹਾਸਿਲ ਕਰਨ ‘ਚ ਜੁੱਟੀ ਹੈ।
ਜ਼ਿਕਰਯੋਗ ਹੈ ਕਿ 16 ਅਕਤੂਬਰ 2020 ਨੂੰ ਤਰਨਤਾਰਨ ਦੇ ਪਿੰਡ ਭਿੱਖੀਵਿੰਡ ‘ਚ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੀ ਅਣਪਛਾਤੇ ਵਿਅਕਤੀਆਂ ਨੇ ਘਰ ‘ਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ‘ਚ ਤਰਨਤਾਰਨ ਪੁਲਿਸ ਨੇ ਲੁਧਿਆਣਾ ਦੇ ਕੁਝ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਸੀ। ਬਾਅਦ ‘ਚ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਘਟਨਾ ਪਾਕਿਸਤਾਨ ‘ਚ ਬੈਠੇ ਖਾਲਿਸਤਾਨ ਸਮਰਥਕਾਂ ਨੇ ਕਰਵਾਈ ਸੀ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਐੱਨ.ਆਈ.ਏ ਕਰ ਰਹੀ ਹੈ। ਇਸ ਮਾਮਲੇ ‘ਚ ਜਾਂਚ ਦੇ ਚੱਲਦਿਆਂ ਹੀ ਟੀਮ ਸੋਮਵਾਰ ਨੂੰ ਦੋਸ਼ੀਆਂ ਨੂੰ ਲੈ ਕੇ ਲੁਧਿਆਣਾ ਪਹੁੰਚੀ ਸੀ।
ਇਹ ਵੀ ਦੇਖੋ–